Mohali News: ਉੱਚੀ ਆਵਾਜ਼ ਦਾ ਵਿਰੋਧ ਕਰਨ ’ਤੇ ਕੁੱਟ-ਕੁੱਟ ਕੇ ਮਾਰਤਾ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਸਰਪੰਚ ਦੇ ਪੁੱਤਰ, ਭਤੀਜੇ ਤੇ ਦੋ ਹੋਰਾਂ ’ਤੇ ਹਤਿਆ ਦਾ ਦੋਸ਼, ਪਰਵਾਰ ਨੇ ਕਿਹਾ: ਹਮਲਾਵਰ ਫੜੇ ਜਾਣ ਤਕ ਨਹੀਂ ਹੋਵੇਗਾ ਸਸਕਾਰ

Shampur Mohali murder news in punjabi

ਐਸ.ਏ.ਐਸ. ਨਗਰ (ਸਤਵਿੰਦਰ ਸਿੰਘ ਧੜਾਕ) : ਸੋਹਾਣਾ ਥਾਣੇ ਅਧੀਨ ਆਉਂਦੇ ਪਿੰਡ ਸ਼ਾਮਪੁਰ ਵਿਖੇ ਕੁੱਝ ਲੋਕਾਂ ਨੇ ਇਕ ਨੌਜਵਾਨ ਨੂੰ ਟਰੈਕਟਰ ’ਤੇ ਉੱਚੀ ਆਵਾਜ਼ ’ਚ ਗੀਤ ਵਜਾਉਣ ਕਾਰਨ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤਾ। ਮ੍ਰਿਤਕ ਦੀ ਪਛਾਣ 48 ਸਾਲਾ ਬਲਜੀਤ ਪੁਰੀ ਵਜੋਂ ਹੋਈ ਹੈ।  ਦਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਬਲਜੀਤ ਪੁਰੀ ਨੂੰ ਜ਼ਮੀਨ ’ਤੇ ਸੁੱਟ ਦਿਤਾ ਅਤੇ ਉਸ ਦੀ ਛਾਤੀ, ਮੂੰਹ, ਪੇਟ ਅਤੇ ਗੁਪਤ ਅੰਗਾਂ ’ਤੇ ਲੱਤਾਂ ਮਾਰੀਆਂ। ਜਦੋਂ ਬਲਜੀਤ ਪੁਰੀ ਦਾ ਭਰਾ ਰਾਮਪਾਲ ਪੁਰੀ ਉਸ ਨੂੰ ਬਚਾਉਣ ਲਈ ਆਇਆ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਥੱਪੜ ਮਾਰਿਆ ਅਤੇ ਮੁੱਕੇ ਮਾਰੇ। ਪਿੰਡ ਵਾਸੀ ਇਕੱਠੇ ਹੋਏ ਤਾਂ ਹਮਲਾਵਰ ਮੌਕੇ ਤੋਂ ਭੱਜ ਗਏ। ਬਲਜੀਤ ਪੁਰੀ ਨੂੰ ਜੀਐਮਸੀਐਚ-32 ਚੰਡੀਗੜ੍ਹ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਇਸ ਮਾਮਲੇ ਵਿਚ ਸੋਹਾਣਾ ਪੁਲਿਸ ਨੇ ਹਮਲਾਵਰਾਂ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਦੇ ਭਰਾ ਰਾਮ ਪਾਲ ਪੁਰੀ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਬਲਜੀਤ ਪੁਰੀ ਦਾ ਕਤਲ ਪਿੰਡ ਸ਼ਿਆਮਪੁਰ ਦੇ ਸਾਬਕਾ ਸਰਪੰਚ ਇੰਦਰਜੀਤ, ਉਸ ਦੇ ਪੁੱਤਰਾਂ ਸਚਿਨ, ਪ੍ਰਜਵਲ (ਸਰਪੰਚ ਦਾ ਭਤੀਜਾ), ਜਸਵਿੰਦਰ ਪੁਰੀ ਅਤੇ ਨਰਿੰਦਰ ਪੁਰੀ ਨੇ ਕੀਤਾ ਹੈ। ਸੂਤਰਾਂ ਅਨੁਸਾਰ ਨਰਿੰਦਰ ਪੁਰੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਜਦਕਿ ਬਾਕੀ ਫ਼ਰਾਰ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਰਾਮਪਾਲ ਪੁਰੀ ਨੇ ਦਸਿਆ ਕਿ ਉਸ ਦਾ ਨਵਾਂ ਘਰ ਪਿੰਡ ਵਿਚ ਹੀ ਬਣ ਰਿਹਾ ਹੈ। ਉਹ, ਅਪਣੇ ਭਰਾ ਬਲਜੀਤ ਅਤੇ ਇਕ ਹੋਰ ਵਿਅਕਤੀ ਨਾਲ, ਰਾਤ ਲਗਭਗ 8:30 ਵਜੇ ਨਵੇਂ ਬਣੇ ਘਰ ਦੇ ਬਾਹਰ ਲੋਹੜੀ ਬਾਲ ਰਿਹਾ ਸੀ। ਉਸੇ ਸਮੇਂ ਸਰਪੰਚ ਦਾ ਪੁੱਤਰ ਅਤੇ ਹੋਰ ਲੋਕ ਟਰੈਕਟਰ ’ਤੇ ਵੱਡੇ ਸਪੀਕਰ ਲਗਾ ਕੇ ਗਲੀ ਵਿਚ ਹੰਗਾਮਾ ਕਰ ਰਹੇ ਸਨ। ਬਲਜੀਤ ਪੁਰੀ ਨੇ ਉਸ ਬਾਰੇ ਮੌਜੂਦਾ ਸਰਪੰਚ ਗੁਰਮੁਖ ਗਿਰੀ ਨੂੰ ਫ਼ੋਨ ’ਤੇ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਹ ਗਲੀ ਵਿਚ ਉੱਚੀ ਆਵਾਜ਼ ਵਿਚ ਗਾਣੇ ਵਜਾ ਕੇ ਹੰਗਾਮਾ ਕਰ ਰਿਹਾ ਹੈ।

ਇਸ ’ਤੇ ਮੌਜੂਦਾ ਸਰਪੰਚ ਨੇ ਉਸ ਨੂੰ ਬੁਲਾਇਆ ਅਤੇ ਗਾਣੇ ਬੰਦ ਕਰਵਾ ਦਿਤੇ। ਪਹਿਲਾਂ ਤਾਂ ਉਪਰੋਕਤ ਸਾਰੇ ਲੋਕ ਉਥੋਂ ਚਲੇ ਗਏ ਪਰ ਬਾਅਦ ਵਿਚ, ਸਾਬਕਾ ਸਰਪੰਚ ਦਾ ਭਤੀਜਾ ਪ੍ਰਜਵਲ ਇਕ ਹੋਰ ਟਰੈਕਟਰ (ਜੋ ਸਾਬਕਾ ਸਰਪੰਚ ਦੇ ਨਾਮ ’ਤੇ ਹੈ) ਲੈ ਕੇ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਗਾਣੇ ਵਜਾਉਣ ਤੋਂ ਰੋਕਣ ’ਤੇ ਧਮਕੀਆਂ ਦੇਣ ਲੱਗ ਪਿਆ। ਉਸ ਨੇ ਫਿਰ ਉੱਚੀ ਆਵਾਜ਼ ਵਿਚ ਗਾਉਣਾ ਸ਼ੁਰੂ ਕਰ ਦਿਤਾ ਅਤੇ ਉਨ੍ਹਾਂ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿਤੀ। ਇਸ ਦੌਰਾਨ ਜਦੋਂ ਉਸ ਦਾ ਭਰਾ ਬਲਜੀਤ ਉੱਠ ਕੇ ਉਨ੍ਹਾਂ ਕੋਲ ਗਿਆ ਤਾਂ ਉਨ੍ਹਾਂ ਉਸ ’ਤੇ ਹਮਲਾ ਕਰ ਦਿਤਾ।

ਸਾਬਕਾ ਸਰਪੰਚ ਇੰਦਰਜੀਤ ਅਤੇ ਉਨ੍ਹਾਂ ਦਾ ਪੁੱਤਰ ਸਚਿਨ ਵੀ ਮੌਕੇ ’ਤੇ ਪਹੁੰਚ ਗਏ। ਸਾਰਿਆਂ ਨੇ ਉਸ ਦੇ ਭਰਾ ਨੂੰ ਜ਼ਮੀਨ ’ਤੇ ਸੁੱਟ ਦਿਤਾ ਅਤੇ ਉਸ ਦੀ ਛਾਤੀ ਅਤੇ ਚਿਹਰੇ ’ਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਉਸ ਦੇ ਗੁਪਤ ਅੰਗਾਂ ’ਤੇ ਵੀ ਲੱਤਾਂ ਮਾਰੀਆਂ ਗਈਆਂ। ਜਦੋਂ ਉਹ ਅਪਣੇ ਭਰਾ ਨੂੰ ਬਚਾਉਣ ਗਿਆ ਤਾਂ ਉਸ ’ਤੇ ਵੀ ਹਮਲਾ ਕਰ ਦਿਤਾ ਗਿਆ। ਹਮਲਾਵਰ ਉਸ ਦੇ ਭਰਾ ਨੂੰ ਉਦੋਂ ਤਕ ਕੁਟਦੇ ਰਹੇ ਜਦੋਂ ਤਕ ਉਸਦੀ ਮੌਤ ਨਹੀਂ ਹੋ ਗਈ। ਜਦੋਂ ਪਿੰਡ ਦੇ ਕੱੁਝ ਲੋਕ ਪਹੁੰਚੇ ਤਾਂ ਹਮਲਾਵਰ ਮੌਕੇ ਤੋਂ ਭੱਜ ਗਏ। ਲੋਕਾਂ ਦੀ ਮਦਦ ਨਾਲ, ਉਹ ਤੁਰਤ ਅਪਣੇ ਭਰਾ ਨੂੰ ਸੈਕਟਰ-32 ਹਸਪਤਾਲ ਲੈ ਆਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਦੇ ਭਰਾ ਨੇ ਦਸਿਆ ਕਿ ਉਸ ਦਾ ਵੱਡਾ ਭਰਾ ਬਲਜੀਤ ਪੁਰੀ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਦੋ ਪੁੱਤਰ ਅਤੇ ਇਕ ਧੀ ਹੈ। ਅਜੇ ਕਿਸੇ ਵੀ ਬੱਚੇ ਦਾ ਵਿਆਹ ਨਹੀਂ ਹੋਇਆ ਹੈ। ਰਾਮਪਾਲ ਪੁਰੀ ਦਾ ਕਹਿਣਾ ਹੈ ਕਿ ਉਹ ਅਪਣੇ ਭਰਾ ਦੀ ਲਾਸ਼ ਦਾ ਸਸਕਾਰ ਉਦੋਂ ਤਕ ਨਹੀਂ ਕਰੇਗਾ ਜਦੋਂ ਤਕ ਪੁਲਿਸ ਉਸ ਦੇ ਭਰਾ ਦੇ ਸਾਰੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ।