ਜਲੰਧਰ ਅਦਾਲਤ ਨੇ ਮੰਨਿਆ ਆਤਿਸ਼ੀ ਦੀ ਵੀਡੀਓ ਫਰਜ਼ੀ, ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਹੋਇਆ ਬੇਨਕਾਬ: ਮਲਵਿੰਦਰ ਕੰਗ
ਸੁਨੀਲ ਜਾਖੜ ਜੋ ਆਪਣੇ ਆਪ ਨੂੰ ਸੱਚੇ-ਸੁੱਚੇ ਆਗੂ ਕਹਿੰਦੇ ਹਨ, ਕੀ ਹੁਣ ਤੁਸੀਂ ਮੁਆਫੀ ਮੰਗੋਗੇ?- ਮਲਵਿੰਦਰ ਸਿੰਘ ਕੰਗ
ਚੰਡੀਗੜ੍ਹ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੇ ਕਥਿਤ ਵਿਵਾਦਿਤ ਵੀਡੀਓ ਮਾਮਲੇ ਵਿੱਚ ਜਲੰਧਰ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਭਾਜਪਾ ਆਗੂਆਂ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਫਰਜ਼ੀ ਹੈ। ਇਸ ਫੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਭਾਜਪਾ 'ਤੇ ਜ਼ੋਰਦਾਰ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਾਜਪਾ ਆਪਣੀ ਘਟੀਆ ਰਾਜਨੀਤੀ ਲਈ ਸਿੱਖ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਦੀ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਜਲੰਧਰ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਭਾਜਪਾ ਆਪਣੀ ਘਟੀਆ ਰਾਜਨੀਤੀ ਲਈ ਸਿੱਖ ਗੁਰੂਆਂ ਦਾ ਅਪਮਾਨ ਕਰਨ ਤੋਂ ਪਿੱਛੇ ਨਹੀਂ ਹਟਦੀ ਅਤੇ ਅੱਜ ਇਹ ਸਾਬਤ ਹੋ ਗਿਆ।
ਕੰਗ ਨੇ ਕਿਹਾ, "ਅੱਜ ਜਲੰਧਰ ਦੀ ਮਾਣਯੋਗ ਅਦਾਲਤ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਨੂੰ ਜਿਸ ਤਰੀਕੇ ਨਾਲ ਭਾਜਪਾ ਆਗੂਆਂ ਨੇ, ਖਾਸ ਕਰਕੇ ਕਪਿਲ ਮਿਸ਼ਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਤੋੜ-ਮਰੋੜ ਕੇ ਪੇਸ਼ ਕੀਤਾ, ਉਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ।"
ਆਪ ਸੰਸਦ ਮੈਂਬਰ ਨੇ ਭਾਜਪਾ ਦੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਨੇ ਸਿੱਖ ਧਰਮ ਦਾ ਅਪਮਾਨ ਕੀਤਾ ਹੋਵੇ। ਉਨ੍ਹਾਂ ਯਾਦ ਕਰਵਾਇਆ ਕਿ ਭਾਜਪਾ ਨੇ ਪਹਿਲਾਂ ਵੀ ਦਸ਼ਮ ਪਿਤਾ ਅਤੇ ਸਾਹਿਬਜ਼ਾਦਿਆਂ ਦਾ ਕਾਰਟੂਨ ਬਣਾਇਆ ਸੀ।
ਮਲਵਿੰਦਰ ਕੰਗ ਨੇ ਭਾਵੁਕ ਹੁੰਦਿਆਂ ਕਿਹਾ, " ਮਹਾਰਾਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੇ ਸਾਢੇ ਤਿੰਨ ਸੌ ਸਾਲ ਪਹਿਲਾਂ ਇਸ ਦੇਸ਼ ਦੇ ਹਿੰਦੂ ਧਰਮ ਅਤੇ ਦੇਸ਼ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ, ਉਨ੍ਹਾਂ ਦਾ ਅਪਮਾਨ ਕਰਨ ਤੋਂ ਵੀ ਭਾਜਪਾ ਪਿੱਛੇ ਨਹੀਂ ਹਟਦੀ। ਇਹ ਉਨ੍ਹਾਂ ਦਾ ਅਸਲੀ ਚਿਹਰਾ ਹੈ, ਇਹੀ ਉਨ੍ਹਾਂ ਦੀ ਘਟੀਆ ਮਾਨਸਿਕਤਾ ਹੈ ਜਿਸ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ।"
ਆਪ ਸੰਸਦ ਮੈਂਬਰ ਨੇ ਭਾਜਪਾ ਦੇ ਪੰਜਾਬ ਇੰਚਾਰਜ ਸੁਨੀਲ ਜਾਖੜ ਤੋਂ ਸਿੱਧਾ ਸਵਾਲ ਕਰਦਿਆਂ ਕਿਹਾ, "ਜਾਖੜ ਸਾਹਿਬ, ਜੋ ਆਪਣੇ ਆਪ ਨੂੰ ਸੱਚੇ-ਸੁੱਚੇ ਆਗੂ ਕਹਿੰਦੇ ਹਨ, ਕੀ ਹੁਣ ਤੁਸੀਂ ਮੁਆਫੀ ਮੰਗੋਗੇ?"ਕੰਗ ਨੇ ਰਵਨੀਤ ਸਿੰਘ ਬਿੱਟੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਨਜਿੰਦਰ ਸਿੰਘ ਸਿਰਸਾ ਤੋਂ ਵੀ ਜਵਾਬ ਮੰਗਿਆ ਕਿ ਕਪਿਲ ਮਿਸ਼ਰਾ ਵਰਗੇ ਆਗੂਆਂ ਵੱਲੋਂ ਗੁਰੂ ਸਾਹਿਬਾਨ ਦੇ ਕੀਤੇ ਗਏ ਅਪਮਾਨ ਦੀ ਜਵਾਬਦੇਹੀ ਕੌਣ ਲਵੇਗਾ? ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਫੈਸਲਾ ਸਾਬਤ ਕਰਦਾ ਹੈ ਕਿ ਭਾਜਪਾ ਨੇ ਸਿਰਫ਼ ਅਤੇ ਸਿਰਫ਼ ਆਪਣੀ ਘਟੀਆ ਰਾਜਨੀਤੀ ਲਈ ਆਤਿਸ਼ੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦ ਦਿਖਾਏ ਜੋ ਪੂਰੀ ਤਰ੍ਹਾਂ ਜਾਅਲੀ ਅਤੇ ਫਰਜ਼ੀ ਸਨ।