ਸੜਕ ਹਾਦਸੇ ਵਿਚ ਜਥੇਦਾਰ ਬਲਜੀਤ ਸਿੰਘ ਕੁੰਭੜਾ ਸਮੇਤ 2 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਅਤੇ ਟਕਸਾਲੀ ਆਗੂ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਵੀਰਵਾਰ ਨੂੰ ਸੜਕ ਹਾਦਸੇ.....

Baljit Singh Kubra

ਐਸ.ਏ.ਐਸ. ਨਗਰ, ਲਾਲੜੂ, : ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਅਤੇ ਟਕਸਾਲੀ ਆਗੂ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਵੀਰਵਾਰ ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਅੱਜ ਬਾਅਦ ਦੁਪਹਿਰ ਅਪਣੀ ਪਤਨੀ ਬੀਬੀ ਰਜਿੰਦਰ ਕੌਰ ਕੁੰਭੜਾ ਦੀ ਭਰਜਾਈ ਦੇ ਅੰਤਮ ਸਸਕਾਰ 'ਤੇ ਦਨਾਰਪੁਰ (ਸ਼ਾਹਬਾਦ) ਜਾ ਰਹੇ ਸੀ ਕਿ ਲਾਲੜੂ ਨੇੜੇ ਕਾਰ ਦਾ ਅਗਲਾ ਟਾਇਰ ਫੱਟ ਜਾਣ ਕਾਰਨ ਉਨ੍ਹਾਂ ਦੀ ਫ਼ਾਰਚੂਨਰ ਗੱਡੀ ਸੜਕ 'ਤੇ ਪਲਟ ਗਈ ਅਤੇ ਜਥੇਦਾਰ ਕੁੰਬੜਾ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਹਾਦਸੇ ਵਿਚ ਜਥੇਦਾਰ ਦੀ ਪਤਨੀ ਅਤੇ ਅਕਾਲੀ ਦਲ ਦੀ ਕੌਂਸਲਰ ਬੀਬੀ ਰਜਿੰਦਰ ਕੌਰ ਕੁੰਭੜਾ ਅਤੇ ਕਾਰ ਦਾ ਡਰਾਈਵਰ ਤਰਮੇਸ਼ ਸਿੰਘ ਚੁੰਨੀ ਵੀ ਜ਼ਖ਼ਮੀ ਹੋ ਗਏ। ਜਥੇਦਾਰ ਦੀ ਪਤਨੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂਕਿ ਡਰਾਈਵਰ ਤਰਸੇਮ ਸਿੰਘ ਦੇ ਸਿਰ ਵਿਚ ਚੋਟ ਆਈ ਹੈ। ਦਸਣਯੋਗ ਹੈ ਕਿ ਸਟੇਡੀਅਮ ਅਤੇ ਸੈਣੀ ਮਾਰਕੀਟ ਦੇ ਨੇੜੇ ਗੱਡੀ ਬੇਕਾਬੂ ਹੋ ਕੇ ਸੱਜੇ ਪਾਸੇ ਡਿਵਾਇਡਰ ਦੇ ਨਾਲ ਟਕਰਾ ਕੇ ਘੁੰਮ ਕੇ ਖਬੇ ਪਾਸੇ ਸੜਕ ਦੀ ਡਰੇਨ ਨੂੰ ਪਾਰ ਕਰਕੇ ਸਰਵਿਸ ਰੋਡ 'ਤੇ ਜਾ ਰਹੇ ਇਕ ਮੋਟਰਸਾਈਕਲ ਨਾਲ ਟਕਰਾ ਗਈ।

ਹਾਲਾਂਕਿ ਚਾਲਕ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਗੱਡੀ ਦਾ ਅਗਲਾ ਟਾਇਰ ਫਟਣ ਕਾਰਨ ਗੱਡੀ ਬੇਕਾਬੂ ਹੋਈ, ਪਰ ਹਾਲੇ ਤਕ ਇਹ ਸਪਸ਼ਟ ਨਹੀਂ ਹੈ ਕਿ ਗੱਡੀ ਦਾ ਅਗਲਾ ਸੱਜਾ ਟਾਇਰ ਹਾਦਸੇ ਤੋਂ ਪਹਿਲਾ ਫਟਿਆ ਜਾਂ ਡਿਵਾਇਡਰ ਨਾਲ ਟਕਰਾਉਣ ਤੋਂ ਬਾਅਦ। ਮੋਟਰਸਾਈਕਲ ਚਾਲਕ 23 ਸਾਲਾ ਸ਼ਕਤੀ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਅੰਬਾਲਾ ਨੂੰ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿਤਾ। ਇਸੇ ਦੌਰਾਨ ਸੰਸਦ ਮੈਂਬਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,

ਡਾ: ਦਲਜੀਤ ਸਿੰਘ ਚੀਮਾ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਤੇ ਅਕਾਲੀ ਵਿਧਾਇਕ ਐਨ. ਕੇ. ਸ਼ਰਮਾ, ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਮੇਅਰ ਕੁਲਵੰਤ ਸਿੰਘ ਆਦਿ ਨੇ ਦੁੱਖ ਪ੍ਰਗਟਾਵਾ ਕੀਤਾ।