ਵੈਲੇਂਟਾਈਨ ਡੇਅ 'ਤੇ ਬਾਰਸ਼ ਨੇ ਮੌਸਮ ਕੀਤਾ ਖ਼ੁਸ਼ਗਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੈਲੇਂਟਾਈਨ ਡੇਅ 'ਤੇ ਬਾਰਸ਼ ਪੈਣ ਨਾਲ ਮੌਸਮ ਸੁਹਾਣਾ ਹੋ ਗਿਆ। ਸ਼ਹਿਰ ਚ ਨੌਜਵਾਨਾਂ ਨੇ ਖੁਲ੍ਹ ਕੇ ਇਸ ਦਿਨ ਦਾ ਅਨੰਦ ਲਿਆ.....

Valentine Day

ਚੰਡੀਗੜ੍ਹ : ਵੈਲੇਂਟਾਈਨ ਡੇਅ 'ਤੇ ਬਾਰਸ਼ ਪੈਣ ਨਾਲ ਮੌਸਮ ਸੁਹਾਣਾ ਹੋ ਗਿਆ। ਸ਼ਹਿਰ ਚ ਨੌਜਵਾਨਾਂ ਨੇ ਖੁਲ੍ਹ ਕੇ ਇਸ ਦਿਨ ਦਾ ਅਨੰਦ ਲਿਆ। ਇਸ ਲਈ ਮੌਸਮ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿਤਾ। ਗੇੜੀ ਰੂਟ, ਪੰਜਾਬ ਯੂਨੀਵਰਸਟੀ, ਕਾਲਜਾਂ ਅਤੇ ਪਾਰਕਾਂ ਵਿਚ ਨੌਜਵਾਨ ਮੁੰਡੇ-ਕੁੜੀਆਂ ਦੀ ਰੋਣਕਾਂ ਵੇਖਣ ਨੂੰ ਮਿਲੀਆਂ। ਕੁੱਝ ਨੌਜਵਾਨਾਂ ਨੇ ਅਪਣੀ ਗੱਡੀਆਂ ਵਿਸ਼ੇਸ਼ ਤੌਰ 'ਤੇ ਸਜਾਈਆਂ ਹੋਈਆਂ ਸਨ, ਜਿਨ੍ਹਾਂ 'ਤੇ ਗੁਬਾਰੇ ਅਤੇ ਫੁੱਲ ਲਗਾਏ ਹਏ ਸਨ। ਸ਼ਹਿਰ ਦੇ ਵੱਖ-ਵੱਖ ਕਲੱਬਾਂ ਅਤੇ ਰੈਸਟੋਰੈਂਟਾਂ ਵਿਚ ਵੀ ਇਸ ਦਿਨ ਲਈ ਵਿਸ਼ੇਸ਼ ਤਿਆਰੀ ਕੀਤੀ ਹੋਈ ਸੀ। ਇਨ੍ਹਾਂ ਥਾਵਾਂ 'ਤੇ ਵੀ ਨੌਜਵਾਨਾਂ ਨੇ ਕਾਫ਼ੀ ਅਨੰਦ ਮਾਣਿਆ।

ਦੂਜੇ ਪਾਸੇ ਪੁਲਿਸ ਦੀ ਤੈਨਾਤੀ ਕਾਰਨ ਸ਼ਹਿਰ ਵਿਚ ਮਾਹੌਲ ਸ਼ਾਂਤ ਰਿਹਾ ਅਤੇ ਕਿਸੇ ਵੀ ਮਾੜੀ ਘਟਨਾ ਦੀ ਸੂਚਨਾ ਨਹੀਂ ਮਿਲੀ। ਵੈਲੇਂਟਾਈਨ ਦੇ ਦਿਨ ਪੁਲਿਸ ਪ੍ਰਸ਼ਾਸਨ ਵਲੋਂ 776 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਸਨ। ਹਿੰਦੂ ਸਗੰਠਨਾਂ ਨੇ ਕੀਤਾ ਵਿਰੋਧ : ਵੈਲੇਂਟਾਈਨ ਡੇਅ ਦਾ ਚੰਡੀਗੜ੍ਹ ਵਿਚ ਹਿੰਦੂ ਸੰਗਠਨਾਂ ਵਲੋਂ ਵੀਰਵਾਰ ਨੂੰ ਸ਼ਹਿਰ ਵਿਚ ਜੁਲੂਸ ਕੱਢ ਕੇ ਵਿਰੋਧ ਕੀਤਾ ਗਿਆ। ਕੁੱਝ ਨੌਜਵਾਨ ਹੱਥਾਂ ਵਿਚ ਤਰੰਗਾ ਅਤੇ ਭਗਵਾਂ ਰੰਗ ਦੇ ਝੰਡੇ ਲੈ ਕੇ ਸੈਕਟਰ-15 ਵਿਚ ਘੁੰਮ ਰਹੇ ਸਨ। ਜਲੂਸ ਨਾਲ ਪੁਲਿਸ ਦੇ ਜਵਾਨ ਵੀ ਚੱਲ ਰਹੇ ਸਨ। ਹਿੰਦੂ ਸੰਗਠਨਾਂ ਵਲੋਂ ਕਿਹਾ ਗਿਆ ਸੀ ਕਿ ਵੈਲੇਂਟਾਈਨ ਡੇਅ ਤੇ

ਜੇ ਕੋਈ ਨੌਜਵਾਨ ਕਿਸੇ ਮੁਟਿਆਰ ਨੂੰ ਫੁੱਲ ਜਾਂ ਕੋਈ ਚੀਜ ਦਿੰਦੇ ਹੋਏ ਫੜਿਆ ਗਿਆ ਤਾਂ ਉਸ ਦੇ ਉਥੇ ਹੀ ਵਾਲ ਮੁੰਡਵਾ ਦਿਤੇ ਜਾਣਗੇ। ਵੀਰਵਾਰ ਸਵੇਰੇ ਤੋਂ ਹੀ ਸ਼ਹਿਰ ਦੇ ਸੈਕਟਰ-15 ਵਿਚ ਸੰਸਥਾਵਾਂ ਵਲੋਂ ਨਾਹਰੇ ਲਗਾਉਂਦੇ ਹੋਏ ਜੁਲੂਸ ਕੱਢੇ ਗਏ । ਪਾਰਕਾਂ 'ਚ ਬੈਠੇ ਆਸ਼ਕਾਂ ਦੇ ਜੋੜ੍ਹਿਆਂ ਨੂੰ ਪਈਆਂ ਭਾਜੜਾ : ਸ਼ਿਵਸੈਨਾ ਵਲੋਂ ਚੰਡੀਗੜ੍ਹ ਵਿਚ ਵੈਲੇਂਨਟਾਈਨ ਡੇਅ ਦਾ ਵਿਰੋਧ ਕੀਤਾ ਗਿਆ। ਸ਼ਿਵਸੈਨਾ ਦੇ ਵਰਕਰਾਂ ਵਲੋਂ ਪਾਰਕਾਂ ਵਿਚ ਜਾ ਕੇ ਜੋੜਿਆਂ ਨੂੰ ਭਜਾਇਆ ਗਿਆ। ਸੈਕਟਰ 16 ਦੇ ਪਾਰਕ ਵਿਚ ਬੈਠੇ ਜੋੜੇ ਭੱਜ ਰਹੇ ਸਨ। ਇਸ ਦਿਨ ਦੇ ਵਿਰੋਧ ਵਿਚ ਸ਼ਿਵਸੈਨਾ ਨੇ ਮਾਰਚ ਵੀ ਕਢਿਆ। ਪੰਜਾਬ ਯੂਨੀਵਰਸਟੀ ਵਿਚ ਵੀ ਵੈਲੇਂਟਾਇਨ ਡੇਅ ਨੂੰ ਲੈ ਕੇ ਸਖ਼ਤ ਚੌਕਸੀ ਵਰਤੀ ਗਈ। ਯੂਨੀਵਰਸਟੀ ਵਿਚ ਆਉਣ ਵਾਲੀ ਗੱਡੀਆਂ ਦੀ ਜਾਂਚ ਦੇ ਬਾਅਦ ਹੀ ਅੰਦਰ ਆਉਣ ਦਿਤਾ ਗਿਆ।