ਅਕਾਲੀ ਦਲ ਦੇ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਸੜਕ ਹਾਦਸੇ ‘ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਮੋਹਾਲੀ ਦੇ ਸ਼ਹਿਰੀ ਪ੍ਰਧਾਨ ਬਲਜੀਤ ਸਿੰਘ ਕੁੰਭੜਾ ਦੀ ਲਾਲੜੂ ਵਿਖੇ ਵੀਰਵਾਰ ਨੂੰ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਹਾਦਸੇ....

Baljit Singh Kumbhra

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਮੋਹਾਲੀ ਦੇ ਸ਼ਹਿਰੀ ਪ੍ਰਧਾਨ ਬਲਜੀਤ ਸਿੰਘ ਕੁੰਭੜਾ ਦੀ ਲਾਲੜੂ ਵਿਖੇ ਵੀਰਵਾਰ ਨੂੰ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਉਨ੍ਹਾਂ ਦੀ ਪਤਨੀ ਕੌਂਸਲਰ ਰਜਿੰਦਰ ਕੌਰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਅਤੇ ਇਲਾਜ਼ ਲਈ ਉਸ ਨੂੰ ਫ਼ੋਰਟਿਸ ਹਸਪਤਾਲ ਮੋਹਾਲੀ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੀ ਖ਼ਬਰ ਤੋਂ ਸ਼ੋ੍ਮਣੀ ਅਕਾਲੀ ਦਲ ਹੀ ਨਹੀਂ ਪੂਰੇ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿਚ ਗ਼ਮ ਦਾ ਮਾਹੌਲ ਬਣਿਆ ਰਿਹਾ। ਉਨ੍ਹਾਂ ਦੀ ਮੌਤ 'ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐੱਨ.ਕੇ ਸ਼ਰਮਾ ਹਾਦਸੇ ਦੀ ਖ਼ਬਰ ਤੋਂ ਬਾਅਦ ਤੁਰੰਤ ਡੇਰਾਬਸੀ ਦੇ ਸਰਕਾਰੀ ਹਸਪਤਾਲ ਵਿਖੇ ਪੁੱਜ ਗਏ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ। ਸ੍ਰੀ ਕੁੰਭੜਾ ਦਾ ਸੰਸਕਾਰ ਉਨ੍ਹਾਂ ਦੀ ਪੁੱਤਰੀ ਦੇ ਅਮਰੀਕਾ ਤੋਂ ਪੰਜਾਬ ਪੁੱਜਣ ਤੋਂ ਬਾਅਦ ਹੋਣ ਦੀ ਖ਼ਬਰ ਮਿਲੀ ਹੈ। ਹਾਦਸਾ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਲਾਲੜੂ ਵਿਖੇ ਸਰਕਾਰੀ ਸਕੂਲ ਦੇ ਖੇਡ ਸਟੇਡੀਅਮ ਕੋਲ ਵਾਪਰਿਆ ਜਿਸ ਵਿਚ ਡਰਾਇਵਰ ਤਰਸੇਮ ਸਿੰਘ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਦ ਕਿ ਇਸ ਦੌਰਾਨ ਇਕ ਮੋਟਰਸਾਇਕਲ ਸਵਾਰ ਵਿਅਕਤੀ ਦੀ ਹਾਦਸੇ ਵਿਚ ਮੌਤ ਹੋ ਗਈ।

ਘਟਨਾ ਸ਼ਾਮ 4 ਵਜੇ ਦੀ ਹੈ ਜਦੋਂ ਕੁੰਭੜਾ ਆਪਣੀ ਪਤਨੀ ਨਾਲ ਫਾਰਚੂਨਰ ਗੱਡੀ ਵਿਚ ਹਰਿਆਣਾ ਦੇ ਸ਼ਾਹਬਾਦ ਵਿਖੇ ਇਕ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿਚ ਸਾਮਿਲ ਹੋਣ ਜਾ ਰਹੇ ਸਨ। ਇਸੇ ਦੌਰਾਨ ਲਾਲੜੂ ਵਿਖੇ ਗੱਡੀ ਦਾ ਟਾਇਰ ਫ਼ਟ ਗਿਆ ਅਤੇ ਬੇਕਾਬੂ ਹੋਈ ਗੱਡੀ ਪਲਟ ਕੇ ਖੱਬੇ ਪਾਸੇ ਸਰਵਿਸ ਰੋਡ 'ਤੇ ਜਾ ਰਹੇ ਇਕ ਮੋਟਰਸਾਇਕਲ ਨਾਲ ਜਾ ਟਕਰਾਈ ਹਾਦਸੇ ਉਪਰੰਤ ਜ਼ਖ਼ਮੀਆਂ ਨੂੰ ਐਬੂਲੈਂਸ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ,

ਜਿੱਥੇ ਡਾਕਟਰਾਂ ਨੇ ਜਥੇਦਾਰ ਬਲਜੀਤ ਸਿੰਘ ਕੁੰਭੜਾ ਅਤੇ ਮੋਟਰਸਾਇਕਲ ਚਾਲਕ 23 ਸਾਲਾ ਸ਼ਕਤੀ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਅੰਬਾਲਾ ਸ਼ਹਿਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਦੋਨਾਂ ਦੇ ਮਿ੍ਤਕ ਸਰੀਰ ਡੇਰਾਬੱਸੀ ਦੇ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਏ ਗਏ ਹਨ। ਤਰਸੇਮ ਸਿੰਘ ਨੂੰ ਚੰਡੀਗੜ੍ਹ ਦੇ ਜੀਐੱਮਸੀਐੱਚ ਵਿਚ ਰੈਫ਼ਰ ਕਰ ਦਿੱਤਾ ਗਿਆ ਲਾਲੜੂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ