ਪੰਜਾਬ ਦੇ ਦਰਿਆਵਾਂ ਦਾ ਪ੍ਰਦੂਸ਼ਣ ਰੋਕਣ ਲਈ ਸਰਕਾਰ ਗੰਭੀਰ, ਕਈ ਅਹਿਮ ਕਦਮ ਚੁੱਕੇ-ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ 'ਚ ਅੱਜ ਦਰਿਆਵਾਂ ਦੇ ਪ੍ਰਦੂਸ਼ਤ ਹੋਣ ਦਾ ਮੁੱਦਾ 'ਆਪ' ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਰਖਿਆ ਤਾਂ.....

Captain Amarinder Singh

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਅੱਜ ਦਰਿਆਵਾਂ ਦੇ ਪ੍ਰਦੂਸ਼ਤ ਹੋਣ ਦਾ ਮੁੱਦਾ 'ਆਪ' ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਰਖਿਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਿਲਕੁਲ ਠੀਕ ਹੈ ਕਿ ਅੱਜ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ ਅਤੇ ਦਰਿਆਵਾਂ ਦਾ ਪਾਣੀ ਵੀ ਪ੍ਰਦੂਸ਼ਿਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ 'ਤੇ ਬਹੁਤ ਗੰਭੀਰ ਹੈ। ਜਦ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੈ ਅਤੇ ਦਰਿਆਵਾਂ ਦਾ ਪਾਣੀ ਵੀ ਤਾਂ ਲੋਕ ਸਾਫ਼ ਪਾਣੀ ਕਿਥੋਂ ਲੈਣ? ਉਨ੍ਹਾਂ ਸਪੱਸ਼ਟ ਕੀਤਾ ਕਿ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ

ਅਤੇ ਉਨ੍ਹਾਂ ਉਪਰ ਤੇਜ਼ੀ ਨਾਲ ਅਮਲ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਵਲੋਂ ਅਹਿਮ ਕਦਮ ਚੁਕੇ ਜਾ ਰਹੇ ਹਨ 
ਉਥੇ ਹੀ ਕੇਂਦਰ ਸਰਕਾਰ ਕੋਲ ਵੀ ਇਹ ਮਸਲਾ ਉਠਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਲਈ ਮੁੱਖ ਸਕੱਤਰ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕਰ ਦਿਤਾ ਹੈ। ਇਸ ਕਮੇਟੀ 'ਚ ਸਬੰਧਤ ਮਹਿਕਮਿਆਂ ਦੇ ਸਕੱਤਰ ਵੀ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਇਹ ਕਮੇਟੀ ਲਗਾਤਾਰ ਦਰਿਆਵਾਂ ਦੇ ਪ੍ਰਦੂਸ਼ਿਤ ਹੋਣ ਤੇ ਨਿਗਾਹ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਹਾਲਤ 'ਚ ਸਮਾਂਬੱਧ ਤਰੀਕੇ ਨਾਲ ਅਮਲ ਹੋ ਰਿਹਾ ਹੈ।

ਉਨ੍ਹਾਂ ਦਸਿਆ ਕਿ ਪਹਿਲਾਂ ਹੀ ਗਿਆਰਾਂ ਸੀਵਰੇਜ ਦਾ ਪਾਣੀ ਸਾਫ਼ ਕਰਨ ਵਾਲੇ 11 ਪਲਾਂਟ 19 ਸ਼ਹਿਰਾਂ 'ਚ ਲਗਾਏ ਜਾ ਚੁੱਕੇ ਹਨ ਅਤੇ 12 ਹੋਰ ਲੱਗ ਰਹੇ ਹਨ ਜੋ 31 ਦਸੰਬਰ 2020 ਤਕ ਚਾਲੂ ਹੋ ਜਾਣਗੇ। ਮੁੱਖ ਮੰਤਰੀ ਨੇ ਦਸਿਆ ਕਿ 125 ਪਿੰਡਾਂ 'ਚ ਪਾਣੀ ਸਾਫ਼ ਕਰਨ ਵਾਲੇ ਪਲਾਂਟ ਲਗਾਏ ਜਾ ਰਹੇ ਹਨ ਜੋ 2020 'ਚ ਮੁਕੰਮਲ ਹੋਣਗੇ। ਉਨ੍ਹਾਂ ਦਸਿਆ ਕਿ ਪਵਿੱਤਰ ਵੇਈਂ ਨੂੰ ਸਾਫ਼ ਪਾਣੀ ਦੇਣ ਲਈ 350 ਕਿਊਸਿਕ ਸਾਫ਼ ਪਾਣੀ ਛਡਿਆ ਜਾਵੇਗਾ। ਸੂਬੇ ਵਿੱਚ ਦਰਿਆਈ ਜਲ ਪ੍ਰਦੂਸ਼ਣ ਦੇ ਵਧਣ 'ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਜਲ ਪ੍ਰਦੂਸ਼ਣ ਰੋਕਣ ਤੋਂ

ਇਲਾਵਾ ਸੂਬੇ ਦੇ ਦਰਿਆਵਾਂ ਵਿੱਚ ਪਾਣੀ ਦੇ ਮਿਆਰ ਨੂੰ ਬਹਾਲ ਕਰਨ ਲਈ ਇਕ ਵਿਆਪਕ ਕਾਰਜ ਯੋਜਨਾ ਦਾ ਐਲਾਨ ਕੀਤਾ ਹੈ। ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸਿਧਵਾਂ ਦੇ ਧਿਆਨ ਦਿਵਾਊ ਮਤੇ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਇਹ ਮੁੱਦਾ ਕੇਂਦਰ ਕੋਲ ਉਠਾਏਗੀ। ਉਨ੍ਹਾਂ ਸਦਨ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਪ੍ਰਭਾਵੀ ਅਤੇ ਨਤੀਜਾ ਮੁਖੀ ਤਰੀਕੇ ਨਾਲ ਦਰਿਆਈ ਪ੍ਰਦੂਸ਼ਣ ਰੋਕਣ ਲਈ ਅਪਣੀਆਂ ਸਾਰੀਆਂ ਕੋਸ਼ਿਸ਼ਾਂ ਕਰੇਗੀ।

 ਸਤਲੁਜ ਦਰਿਆ ਨੂੰ ਸਾਫ਼ ਕਰਨ ਲਈ ਚੁੱਕੇ ਅਨੇਕਾਂ ਕਦਮਾਂ ਦੀ ਵੀ ਮੁੱਖ ਮੰਤਰੀ ਨੇ ਜਾਣਕਾਰੀ ਦਿਤੀ ਜਿਨ੍ਹਾਂ ਵਿਚ 27 ਕਸਬਿਆਂ 'ਚ 51 ਐਸ.ਟੀ.ਪੀ ਸਥਾਪਤ ਕਰਨਾ ਵੀ ਸ਼ਾਮਲ ਹੈ। ਇਹ ਐਸ.ਟੀ.ਪੀ ਇਨ੍ਹਾਂ ਕਸਬਿਆਂ ਦੇ ਸੀਵਰੇਜ ਦੇ ਪਾਣੀ ਨੂੰ ਦਰਿਆ ਵਿਚ ਵਹਾਅ ਤੋਂ ਰੋਕਦੇ ਹਨ। 31 ਦਸੰਬਰ, 2021 ਤਕ 31 ਕਸਬਿਆਂ ਵਿੱਚ 33 ਨਵੇਂ ਐਸ.ਟੀ.ਪੀ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 31 ਜਨਵਰੀ, 2022 ਤਕ 286 ਪਿੰਡਾਂ ਲਈ ਸਾਫ਼ ਪਾਣੀ ਵਾਲੇ ਛੱਪੜ ਮੁਹਈਆ ਕਰਵਾਏ ਜਾਣਗੇ।