ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਛੇਤੀ ਕਰਵਾਉਣ ਲਈ ਵਿਧਾਨ ਸਭਾ ਵਿਚ ਮਤਾ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਵਿਚ ਅੱਜ ਸਿਫ਼ਰ ਕਾਲ ਸਮੇਂ ਹਰਿੰਦਰ ਸਿੰਘ ਫੂਲਕਾ ਵਲੋਂ ਪੇਸ਼ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਕਰਾਉਣ ਸਬੰਧੀ ਮਤਾ.....

Harinder Singh Phulka

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਸਿਫ਼ਰ ਕਾਲ ਸਮੇਂ ਹਰਿੰਦਰ ਸਿੰਘ ਫੂਲਕਾ ਵਲੋਂ ਪੇਸ਼ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਕਰਾਉਣ ਸਬੰਧੀ ਮਤਾ ਪਾਸ ਕਰ ਦਿਤਾ। ਫੂਲਕਾ ਨੇ ਕਿਹਾ ਕਿ ਪਿਛਲੇ ਦਿਨ ਵੀ ਉਨ੍ਹਾਂ ਨੇ ਇਹ ਮੁੱਦਾ ਉਠਾਇਆ ਸੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 2016 ਵਿਚ ਅਪਣੀ ਮਿਆਦ ਪੂਰੀ ਕਰ ਚੁਕੀ ਹੈ ਅਤੇ ਕੇਂਦਰ ਸਰਕਾਰ ਇਹ ਚੋਣਾਂ ਨਹੀਂ ਕਰਵਾ ਰਹੀ। ਇਸ ਲਈ ਹਾਊਸ ਇਕ ਮਤਾ ਪਾਸ ਕਰ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਛੇਤੀ ਚੋਣਾਂ ਕਰਵਾਉਣ ਲਈ ਭੇਜੇ।

ਕਈ ਪਾਸਿਆਂ ਤੋਂ ਜਦ ਇਹ ਮੰਗ ਉਠੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਠ ਕੇ ਕਿਹਾ ਕਿ ਹਾਊਸ ਉਨ੍ਹਾਂ ਨੂੰ ਪ੍ਰਵਾਨਗੀ ਦੇ ਦੇਵੇ ਉਹ ਮਤਾ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜਣ ਲਈ ਤਿਆਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2016 ਤੋਂ ਹੋਣ ਵਾਲੀਆਂ ਹਨ। ਪ੍ਰੰਤੂ ਇਹ ਚੋਣਾਂ ਕੇਂਦਰ ਸਰਕਾਰ ਨੇ ਕਰਵਾਉਣੀਆਂ ਹਨ। ਮਤਾ ਪਾਸ ਹੋ ਜਾਵੇ, ਉਹ ਕੇਂਦਰ ਸਰਕਾਰ ਨੂੰ ਲਿਖ ਕੇ ਭੇਜਣਗੇ ਕਿ ਸਿੱਖ ਸੰਗਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣਾ ਮੰਗਦੀ ਹੈ

ਕਿਉਂਕਿ ਕਮੇਟੀ ਅਪਣੇ ਸਮੇਂ ਦੀ ਮਿਆਦ ਤਿੰਨ ਸਾਲ ਪਹਿਲਾਂ ਪੂਰੀ ਕਰ ਚੁਕੀ ਹੈ। ਇਸ ਮਤੇ ਦੀ ਸਾਰੇ ਮੈਂਬਰਾਂ ਨੇ ਸਹਿਮਤੀ ਦਿਤੀ ਅਤੇ ਮਤਾ ਪਾਸ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਹਮਾਇਤ ਤਾਂ ਕੀਤੀ ਪਰ ਨਾਲ ਹੀ ਕਿਹਾ ਕਿ ਅਜੇ ਇਹ ਸਪਸ਼ਟ ਨਹੀਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਿਆਦ ਇਸ ਸਮੇਂ ਪੂਰੀ ਹੁੰਦੀ ਹੈ। ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਵਿਚ ਚਲਾ ਗਿਆ ਸੀ ਅਤੇ ਸੁਪਰੀਮ ਕੋਰਟ ਨੇ ਚੁਣੀ ਹੋਈ ਕਮੇਟੀ ਦੇ ਮੈਂਬਰਾਂ ਨੂੰ ਸਹੁੰ ਚੁਕਣ ਤੋਂ ਰੋਕ ਦਿਤਾ ਸੀ। ਜਦ ਅਦਾਲਤ ਨੇ ਕਮੇਟੀ ਦੀ ਚੋਣ ਸਹੀ ਮੰਨ ਕੇ ਸ਼੍ਰੋਮਣੀ

ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕੰਮਕਾਜ ਕਰਨ ਦੀ ਆਗਿਆ ਦੇ ਦਿਤੀ। ਚੁਣੇ ਹੋਏ ਮੈਂਬਰਾਂ ਦੀ ਮੰਗ ਹੈ ਕਿ ਉਨ੍ਹਾਂ ਦਾ ਸਮਾਂ ਉਸ ਦਿਨ ਤੋਂ ਮੰਨਿਆ ਜਾਵੇ ਜਿਸ ਦਿਨ ਤੋਂ ਉਨ੍ਹਾਂ ਨੇ ਸਹੁੰ ਚੁਕੀ। ਹੁਣ ਇਹ ਫ਼ੈਸਲਾ ਹੋਣ ਵਾਲਾ ਬਾਕੀ ਪਿਆ ਹੈ ਕਿ ਜਿਸ ਦਿਨ ਚੋਣ ਹੋਈਸਮਾਂ ਉਸ ਦਿਨ ਤੋਂ ਗਿਣਿਆ ਜਾਣਾ ਹੈ ਜਾਂ ਜਿਸ ਦਿਨ ਮੈਂਬਰਾਂ ਨੇ ਸਹੁੰ ਚੁਕੀ।