ਜਦੋਂ ਸਪੀਕਰ ਰਾਣਾ ਕੇ.ਪੀ. ਗੁੱਸੇ 'ਚ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਪ੍ਰਸ਼ਨ ਕਾਲ ਵੇਲੇ, ਫਿਰ ਸਿਫ਼ਰ ਕਾਲ ਵਿਚ ਤੇ ਮਗਰੋਂ ਗ਼ੈਰ ਸਰਕਾਰੀ ਮਤੇ 'ਤੇ ਹੋ ਰਹੀ ਬਹਿਸ ਦੌਰਾਨ ਮੰਤਰੀਆਂ, ਵਿਧਾਇਕਾਂ ਤੇ ਅਧਿਕਾਰੀਆਂ ਦੀ ਗ਼ੈਰ ਹਾਜ਼ਰੀ.....

Hon'ble Speaker Rana K. P Singh

ਚੰਡੀਗੜ੍ਹ : ਪਹਿਲਾਂ ਪ੍ਰਸ਼ਨ ਕਾਲ ਵੇਲੇ, ਫਿਰ ਸਿਫ਼ਰ ਕਾਲ ਵਿਚ ਤੇ ਮਗਰੋਂ ਗ਼ੈਰ ਸਰਕਾਰੀ ਮਤੇ 'ਤੇ ਹੋ ਰਹੀ ਬਹਿਸ ਦੌਰਾਨ ਮੰਤਰੀਆਂ, ਵਿਧਾਇਕਾਂ ਤੇ ਅਧਿਕਾਰੀਆਂ ਦੀ ਗ਼ੈਰ ਹਾਜ਼ਰੀ 'ਤੇ ਗੁੱਸੇ ਹੁੰਦਿਆਂ ਅਤੇ ਸਦਨ 'ਚ ਮੈਂਬਰਾਂ ਦੇ ਵਿਵਹਾਰ 'ਤੇ ਪ੍ਰੇਸ਼ਾਨ ਹੁੰਦਿਆਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਹਿਲਾਂ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਖਿੱਚਿਆ ਤੇ ਗੁੱਸੇ ਵਿਚ ਕਿਹਾ ਕਿ ਅਧਿਕਾਰੀਆਂ ਦੀ ਗੈਲਰੀ ਖ਼ਾਲੀ ਹੈ, ਅਫ਼ਸਰ ਬਹਿੰਦੇ ਨਹੀਂ, ਡਿਊਟੀ ਤੋਂ ਕਿਉਂ ਭੱਜਦੇ ਹਨ। ਇਸ 'ਤੇ ਬ੍ਰਹਮ ਮਹਿੰਦਰਾ ਝੱਟ ਬਾਹਰ ਗਏ, ਸਬੰਧਤ ਅਫ਼ਸਰਾਂ, ਸਕੱਤਰਾਂ ਨੂੰ ਸੁਨੇਹਾ ਪਹੁੰਚਾਇਆ, ਕਈ ਸੀਨੀਅਰ ਅਧਿਕਾਰੀ ਕੁੱਝ ਦੇਰ ਬਾਅਦ ਆ ਵੀ ਗਏ।

ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚਾਰ ਪੰਜ ਮੰਤਰੀ ਹੋਰ ਵੀ ਹਾਊਸ ਵਿਚ ਨਹੀਂ ਸਨ। ਮਗਰੋਂ ਗ਼ੈਰ ਸਰਕਾਰੀ ਪ੍ਰਸਤਾਵ 'ਤੇ ਬਹਿਸ ਦੌਰਾਨ 'ਆਪ' ਦੇ ਅਮਨ ਅਰੋੜਾ ਵਲੋਂ ਸਪੀਕਰ ਵਿਰੁਧ ਜ਼ਰੂਰਤ ਤੋਂ ਵੱਧ ਨਿਯਮਾਂ ਵਿਰੁਧ ਆਹਮੋ-ਸਾਹਮਣੇ ਊਜ ਲਾਉਣ 'ਤੇ ਰਾਣਾ ਕੇ.ਪੀ. ਸਿੰਘ ਨੇ ਝਾੜ ਮਾਰੀ ਤੇ ਕਿਹਾ,''ਮੈਂ ਸਦਨ ਨੂੰ ਨਿਯਮਾਂ ਮੁਤਾਬਕ ਚਲਾਉਣਾ ਹੈ ਨਾ ਕਿ ਤੁਹਾਡੇ ਕਹਿਣ ਅਨੁਸਾਰ ਚਲਾਉਣਾ ਹੈ।'' ਸਪੀਕਰ ਨੇ ਗੁੱਸੇ ਵਿਚ ਕਾਫ਼ੀ ਕੁੱਝ ਅੰਗਰੇਜ਼ੀ ਤੇ ਪੰਜਾਬੀ ਵਿਚ ਅਮਨ ਅਰੋੜਾ ਨੂੰ ਬੋਲ ਕੇ ਬਿਠਾ ਦਿਤਾ।

ਰਾਣਾ ਕੇ.ਪੀ. ਨੇ ਕਾਂਗਰਸੀ ਮੈਂਬਰ ਦਾ ਨਾਮ ਵੀ ਪੰਜ ਵਾਰ ਪੁਕਾਰਿਆ ਜਦੋਂ ਵਿਧਾਇਕ ਹਰਪ੍ਰਤਾਪ ਅਜਨਾਲਾ ਨੇ ਸਥਾਨਕ ਸਰਕਾਰਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਕਮੇਟੀ ਦੇ ਬਤੌਰ ਸਭਾਪਤੀ, ਸਾਲ 2014-15 ਦੀਆਂ ਰੀਪੋਰਟਾਂ ਸਦਨ ਵਿਚ ਪੇਸ਼ ਕਰਨੀਆਂ ਸਨ। ਸਦਨ ਤੋਂ ਬਾਹਰ ਗਏ ਹੋਏ ਅਜਨਾਲਾ ਦੌੜੇ-ਦੌੜੇ ਆਏ ਅਤੇ ਛੇਤੀ-ਛੇਤੀ ਉਨ੍ਹਾਂ ਰੀਪਰਟਾਂ ਬਾਰੇ ਬੋਲ ਦਿਤਾ।