UK ਤੋਂ ਆਏ ਬਾਗੀ ਅਕਾਲੀ ਨੇ ਖੋਲ੍ਹੀਆਂ ਬਾਦਲਾਂ ਦੀਆਂ ਪਰਤਾਂ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਿੱਕ ਠੋਕ ਕੀਤੇ ਨਾਲ ਰਹਿਣ ਤੋਂ ਲੈ ਕੇ ਹੁਣ ਤੱਕ ਦੇ ਰੂਹ ਕੰਬਾਊ ਖੁਲਾਸੇ !

Photo

ਅੰਮ੍ਰਿਤਸਰ: ਬੀਤੇ ਕੁਝ ਸਮੇਂ ਤੋਂ ਪੰਜਾਬ ਦੀ ਮਸ਼ਹੂਰ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਅਜਿਹਾ ਭੂਚਾਲ ਆਇਆ ਹੈ ਕਿ ਇਕ ਤੋਂ ਬਾਅਦ ਇਕ ਅਕਾਲੀ ਆਗੂ ਪਾਰਟੀ ਅੰਦਰ ਚੱਲ ਰਹੀਆਂ ਗਤੀਵਿਧੀਆਂ ਵਿਰੁੱਧ ਪਾਰਟੀ ਨੂੰ ਛੱਡ ਰਹੇ ਹਨ। ਇਸ ਦੇ ਨਾਲ ਹੀ ਬਾਦਲ ਪ੍ਰਵਾਰ ਨੂੰ ਵੱਡਾ ਝਟਕਾ ਲੱਗਿਆ ਹੈ ਤੇ ਝਟਕਿਆਂ ਦਾ ਇਹ ਦੌਰ ਲਗਾਤਾਰ ਜਾਰੀ ਹੈ।

ਝਟਕੇ ਦੇਣ ਵਾਲਿਆਂ ਵਿਚ ਸਭ ਤੋਂ ਪਹਿਲਾ ਨਾਂਅ ਬਾਦਲ ਪਰਵਾਰ ਵਿਰੁੱਧ ਬਗਾਵਤ ਦਾ ਝੰਡਾ ਉਠਾਉਣ ਵਾਲੇ ਸੀਨੀਅਰ ਅਕਾਲੀ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦਾ ਆਉਂਦਾ ਹੈ। ਹਰ ਕੋਈ ਪਾਰਟੀ ਅੰਦਰ ਚੱਲ ਰਹੀਆਂ ਘਪਲੇਬਾਜ਼ੀਆਂ ਜਾਂ ਪੰਜਾਬ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਅਕਾਲੀ ਦਲ ਦੀਆਂ ਪੋਲਾਂ ਖੋਲ੍ਹ ਰਿਹਾ ਹੈ।

ਹੁਣ ਯੂਕੇ ਤੋਂ ਆਏ ਬਾਗੀ ਅਕਾਲੀ ਆਗੂ ਅਤੇ ਸਾਬਕਾ ਅਕਾਲੀ ਵਰਕਰ ਭੁਪਿੰਦਰ ਸਿੰਘ ਨੇ ਬਾਦਲਾਂ ਦੀਆਂ ਪਰਤਾਂ ਖੋਲ੍ਹੀਆਂ ਹਨ। ਯੂਕੇ ਤੋਂ ਆਏ ਬਾਗੀ ਅਕਾਲੀ ਆਗੂ ਭੁਪਿੰਦਰ ਸਿੰਘ ਨੇ ਸਪੋਕਸਮੈਨ ਟੀਵੀ ਨਾਲ ਖ਼ਾਸ ਗੱਲਬਾਤ ਕੀਤੀ ਹੈ। ਗੁਰਬਾਣੀ ਦੇ ਪ੍ਰਸਾਰਣ ਬਾਰੇ ਉਹਨਾਂ ਦੱਸਿਆ ਕਿ ਦਰਬਾਰ ਸਾਹਿਬ ਦੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਵਾਲਾ ਚੈਨਲ ਕੇਬਲ ਮਾਫੀਏ ਦਾ ਹੀ ਹਿੱਸਾ ਹੈ। ਇਹ ਗੱਲ ਕਿਸੇ ਤੋਂ ਨਹੀਂ ਲੁਕੀ ਕਿ ਇਸ ‘ਤੇ ਕਾਫੀ ਲੰਬੇ ਸਮੇਂ ਤੋਂ ਬਾਦਲ ਪ੍ਰਵਾਰ ਦਾ ਕਬਜ਼ਾ ਹੈ। 

ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਤੁਹਾਡੀ ਉਮਰ 93 ਸਾਲ ਹੋ ਗਈ ਹੈ, ਇਸ ਲਈ ਜਾਂਦੇ-ਜਾਂਦੇ ਕੋਈ ਚੰਗਾ ਕੰਮ ਹੀ ਕਰ ਜਾਓ। ਅਪਣੇ ਪਰਿਵਾਰ, ਅਪਣੀ ਕੌਮ ਅਤੇ ਅਪਣੇ ਭਾਈਚਾਰੇ ਨੂੰ ਕੋਈ ਅਜਿਹੀ ਸੇਧ ਦੇ ਕੇ ਜਾਓ ਤਾਂ ਜੋ ਉਹ ਤੁਹਾਡੇ ਗੁਣਗਾਨ ਕਰਨ। ਉਹਨਾਂ ਕਿਹਾ ਕਿ ਹਰ ਬਾਪ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਬੱਚਾ ਤਰੱਕੀ ਕਰੇ ਪਰ ਇਹ ਸਹੀ ਨਹੀਂ ਕਿ ਤੁਸੀਂ ਸਾਰੀ ਕੌਮ ਨੂੰ ਵੇਚ ਕੇ ਅਪਣੇ ਪੁੱਤਰ ਮੋਹ ਵਿਚ ਫਸ ਕੇ ਸਾਰੀ ਕੌਮ ਨੂੰ ਕੁਰਾਹੇ ਪਾ ਦਿਓ। ਬਾਦਲ ਸਾਹਿਬ ਦੀ ਇਹੀ ਗਲਤੀ ਸਭ ਤੋਂ ਵੱਡੀ ਹੈ।

ਉਹਨਾਂ ਕਿਹਾ ਕਿ ਜਿਹੜੇ ਲੋਕ ਕਦੇ ਬਾਦਲ ਸਾਹਿਬ ਦੇ ਸਾਥੀ ਸੀ, ਅੱਜ ਬਾਦਲ ਸਾਹਿਬ ਉਹਨਾਂ ਨੂੰ ਪਾਪੀ ਅਤੇ ਗੱਦਾਰ ਕਹਿ ਰਹੇ ਹਨ। ਉਹਨਾਂ ਕਿਹਾ ਕਿ ਬਾਦਲ ਸਾਹਿਬ ਅੱਜ ਅਪਣੀ ਜ਼ਮੀਰ ਨੂੰ ਪੁੱਛਣ ਕਿ ਉਹ ਸਹੀ ਹਨ ਜਾਂ ਗਲਤ। ਉਹਨਾਂ ਕਿਹਾ ਕਿ ਜੇਕਰ ਬਾਦਲ ਸਾਹਿਬ ਪੁੱਤਰ ਮੋਹ ਨੂੰ ਛੱਡਣ ਤਾਂ ਉਹ ਫਿਰ ਤੋਂ ਅਕਾਲੀ ਦਲ ਨੂੰ ਬੁਲੰਦੀਆਂ ‘ਤੇ ਲਿਜਾ ਸਕਦੇ ਹਨ।

ਉਹਨਾਂ ਨੇ ਦਾਅਵਾ ਕੀਤਾ ਕਿ 2009 ਤੋਂ ਬਾਅਦ ਅਜਿਹੀ ਹਨੇਰੀ ਚੱਲੀ ਕਿ ਪੰਜਾਬ ਵਿਚ ਨਸ਼ਾ ਹੀ ਨਸ਼ਾ ਹੋ ਗਿਆ। ਇਸ ਤੋਂ ਸਭ ਜਾਣੂ ਹਨ ਕਿ ਉਸ ਸਮੇਂ ਕਿਸ ਦਾ ਰਾਜ ਸੀ। ਪੰਜਾਬ ਵਿਚ ਵਧ ਰਹੇ ਨਸ਼ੇ ਨੂੰ ਲੈ ਕੇ ਉਹਨਾਂ ਨੇ ਅਕਾਲੀ ਅਤੇ ਕਾਂਗਰਸ ਦੋਵੇਂ ਸਰਕਾਰਾਂ ‘ਤੇ ਤਿੱਖੇ ਹਮਲੇ ਕੀਤੇ। ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਬਾਰੇ ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਰੂਹ ਹਮੇਸ਼ਾਂ ਹੀ ਪੰਜਾਬ ਨਾਲ ਜੁੜੀ ਰਹਿੰਦੀ ਹੈ ਤੇ ਉਹ ਸਮੇਂ-ਸਮੇਂ ‘ਤੇ ਪੰਜਾਬ ਲਈ ਬਹੁਤ ਕੁਝ ਕਰਦੇ ਹਨ।