ਬਾਘਾ ਪੁਰਾਣਾ, 14 ਫ਼ਰਵਰੀ (ਸੰਦੀਪ ਬਾਘੇਵਾਲੀਆ) : ਅੱਜ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਕੱਲ ਸ਼ਹੀਦ ਹੋਏ ਕਿਸਾਨ ਮਲਕੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਡੇਮਰੂ ਕਲਾਂ ਦੀ ਹੋਈ ਬੇਵਕਤੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਅਤੇ ਸ਼ਹੀਦ ਕਿਸਾਨ ਅਮਰ ਰਹੇ ਦੇ ਨਾਹਰੇ ਵੀ ਲਗਾਏ ਗਏ। ਬੀਤੀ 13 ਫ਼ਰਵਰੀ ਨੂੰ ਤਕਰੀਬਨ 3 ਵਜੇ ਮਲਕੀਤ ਸਿੰਘ ਦੀ ਸਿਹਤ ਵਿਗੜਦੀ ਦੇਖ ਬਾਘਾ ਪੁਰਾਣਾ ਦੇ ਹਸਪਤਾਲ ਲਿਜਾ ਰਹੇ ਸੀ ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿਤਾ। ਪ੍ਰਵਾਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾ ਪੁਰਾਣਾ ਵਾਸਤੇ ਬਹੁਤ ਹੀ ਦੁੱਖ ਦੀ ਘੜੀ ਸੀ ਕਿਉਂਕਿ ਮਲਕੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਜਥੇਬੰਦੀ ਨਾਲ ਜੁੜੇ ਹੋਏ ਸਨ। ਜਥੇਬੰਦੀ ਵਲੋਂ ਪਹਿਲਾਂ ਵੀ ਹੋਏ ਫ਼ੈਸਲੇ ਮੁਤਾਬਕ ਪ੍ਰਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਸਾਰਾ ਕਰਜ਼ਾ ਮੁਆਫ਼ ਅਤੇ ਪ੍ਰਵਾਰ ਦੇ ਇਕ ਜੀਅ ਨੂੰ ਨੌਕਰੀ ਦੀ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤਕ ਉਨ੍ਹਾਂ ਵਲੋਂ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।