ਜਵਾਨਾਂ ਤੇ ਕਿਸਾਨਾਂ ਨਾਲ ਧੱਕਾ ਹੋ ਰਿਹੈੈ ਤੇ ਅਸੀਂ ਇਸ ਵਿਰੁਧ ਕਾਨੂੰਨੀ ਢੰਗ ਨਾਲ ਲੜਾਂਗੇ : ਜਸਦੀਪ
ਜਵਾਨਾਂ ਤੇ ਕਿਸਾਨਾਂ ਨਾਲ ਧੱਕਾ ਹੋ ਰਿਹੈੈ ਤੇ ਅਸੀਂ ਇਸ ਵਿਰੁਧ ਕਾਨੂੰਨੀ ਢੰਗ ਨਾਲ ਲੜਾਂਗੇ : ਜਸਦੀਪ ਸਿੰਘ
ਨਵੀਂ ਦਿੱਲੀ, 14 ਫ਼ਰਵਰੀ (ਚਰਨਜੀਤ ਸਿੰਘ ਸੁਰਖ਼ਾਬ): ਦਿੱਲੀ ਹਿੰਸਾ ਮਾਮਲੇ ਵਿਚ ਗਿ੍ਰਫ਼ਤਾਰ ਕੀਤੇ ਗਏ ਬਜ਼ੁਰਗ ਗੁਰਮੁਖ ਸਿੰਘ ਅਤੇ ਜੀਤ ਸਿੰਘ ਬੀਤੀ ਰਾਤ ਦਿੱਲੀ ਦੀ ਤਿਹਾੜ ਜੇਲ ਤੋਂ ਰਿਹਾਅ ਹੋਏ। ਇਸ ਮੌਕੇ ਗੁਰਮੁਖ ਸਿੰਘ ਤੇ ਜੀਤ ਸਿੰਘ ਦੇ ਵਕੀਲ ਜਸਦੀਪ ਸਿੰਘ ਨੇ ਦਸਿਆ ਕਿ ਹਿੰਸਾ ਮਾਮਲੇ ਵਿਚ ਨੌਜਵਾਨਾਂ ਨੂੰ ਧੱਕੇ ਨਾਲ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁਕਣ ਦੀ ਲੋੜ ਹੈ।
ਜਸਦੀਪ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਹਮਲਾ ਕੀਤਾ ਹੈ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਬੇਹੱਦ ਦੁਖਦ ਗੱਲ ਹੈ ਕਿ ਸਾਡੇ ਨੌਜਵਾਨਾਂ ਨੂੰ ਬਿਨਾਂ ਕਿਸੇ ਆਧਾਰ ’ਤੇ ਗਿ੍ਰਫ਼ਤਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਵਿਰੁਧ 307 ਦੇ ਪਰਚੇ ਦਰਜ ਕੀਤੇ ਜਾ ਰਹੇ ਹਨ। ਜਸਦੀਪ ਸਿੰਘ ਨੇ ਦਸਿਆ ਕਿ ਇਹ ਲੜਾਈ ਬਹੁਤ ਲੰਬੀ ਹੈ। ਕਰੀਬ 150 ਵਕੀਲਾਂ ਵਲੋਂ ਟੀਮ ਬਣਾਈ ਗਈ ਹੈ ਤੇ ਅਸੀਂ ਮਿਲ ਕੇ ਇਸ ਧੱਕੇ ਵਿਰੁਧ ਲੜਾਈ ਲੜਾਂਗੇ। ਗੁਰਮੁਖ ਸਿੰਘ ਤੇ ਜੀਤ ਸਿੰਘ ਦੀ ਗਿ੍ਰਫ਼ਤਾਰੀ ਬਾਰੇ ਗੱਲ ਕਰਦਿਆਂ ਜਸਦੀਪ ਸਿੰਘ ਨੇ ਦਸਿਆ ਕਿ ਇਹ ਲੋਕ ਤਿੰਨ ਮਹੀਨੇ ਤੋਂ ਬੁਰਾੜੀ ਮੈਦਾਨ ਵਿਚ ਬੈਠੇ ਸਨ। ਪੁਲਿਸ ਨੇ 28 ਜਨਵਰੀ ਨੂੰ ਇਕ ਜਾਅਲੀ ਪਰਚਾ ਦਰਜ ਕੀਤਾ ਜਿਸ ਵਿਚ ਇਲਜ਼ਾਮ ਲਗਾਇਆ ਗਿਆ ਕਿ ਇਹ ਲੋਕ 28 ਜਨਵਰੀ ਰਾਤ ਨੂੰ ਲਾਲ ਕਿਲ੍ਹੇ ਜਾਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਦਸਿਆ ਕਿ ਗੁਰਮੁਖ ਸਿੰਘ ਇਕ ਸਾਬਕਾ ਫ਼ੌਜੀ ਹਨ ਤੇ ਉਨ੍ਹਾਂ ਨੇ ਦੇਸ਼ ਲਈ ਤਿੰਨ ਜੰਗਾਂ ਲੜੀਆਂ ਹਨ। ਉਨ੍ਹਾਂ ਕਿਹਾ ਕਾਨੂੰਨੀ ਕਾਰਵਾਈ ਨੂੰ ਥੋੜ੍ਹਾ ਸਮਾਂ ਲਗਦਾ ਹੈ ਤੇ ਅੱਜ ਹੋਈ ਰਿਹਾਈ ਲਈ ਉਹ ਬਹੁਤ ਖ਼ੁਸ਼ ਹਨ। ਉਨ੍ਹਾਂ ਕਿਹਾ ਸਾਡੇ ਜਵਾਨਾਂ ਤੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਤੇ ਅਸੀਂ ਇਸ ਵਿਰੁਧ ਕਾਨੂੰਨੀ ਢੰਗ ਨਾਲ ਲੜਾਂਗੇ।