ਕੁੱਝ ਥਾਵਾਂ ’ਤੇ ਝੜਪਾਂ ਨੂੰ ਛੱਡ ਕੇ ਸਮੁੱਚੇ ਤੌਰ ’ਤੇ ਸ਼ਾਂਤਮਈ ਰਿਹਾ ਵੋਟਾਂ ਪੈਣ ਦਾ ਕੰਮ

ਏਜੰਸੀ

ਖ਼ਬਰਾਂ, ਪੰਜਾਬ

ਕੁੱਝ ਥਾਵਾਂ ’ਤੇ ਝੜਪਾਂ ਨੂੰ ਛੱਡ ਕੇ ਸਮੁੱਚੇ ਤੌਰ ’ਤੇ ਸ਼ਾਂਤਮਈ ਰਿਹਾ ਵੋਟਾਂ ਪੈਣ ਦਾ ਕੰਮ

image

ਸਿਰਫ਼ ਪੱਟੀ ਵਿਚ ਵਾਪਰੀ ਗੋਲੀ ਚਲਣ ਦੀ ਘਟਨਾ

ਚੰਡੀਗੜ੍ਹ, 14 ਫ਼ਰਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਅੱਜ ਸੂਬੇ ਦੇ 8 ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦਾ ਕੰਮ ਕੁੱਝ ਥਾਵਾਂ ’ਤੇ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਹਮਾਇਤੀਆਂ ਦਰਮਿਆਨ ਹੋਈ ਕੁੱਟਮਾਰ ਦੀਆਂ ਘਟਨਾਵਾਂ ਨੂੰ ਛੱਡ ਕੇ ਸਮੁੱਚੇ ਤੌਰ ਤੇ ਬਿਨਾਂ ਕਿਸੇ ਵੱਡੀ ਹਿੰਸਕ ਘਟਨਾ ਦੇ ਸ਼ਾਂਤਮਈ ਸਮਾਪਤ ਹੋਇਆ। 
ਜ਼ਿਲ੍ਹਾ ਤਰਨਤਾਰਨ ਦੇ ਪੱਟੀ ਵਿਚ ਗੋਲੀ ਚਲਣ ਦੀ ਘਟਨਾ ਵਿਚ ਆਪ ਦਾ ਇਕ ਵਰਕਰ ਜ਼ਖ਼ਮੀ ਹੋਇਆ ਹੈ। ਕੁੱਝ ਥਾਵਾਂ ’ਤੇ ਬੂਥ ਉਤੇ ਜਬਰੀ ਕਬਜ਼ਾ ਕਰਨ ਦੇ ਵੀ ਵਿਰੋਧੀ ਪਾਰਟੀਆਂ ਨੇ ਦੋਸ਼ ਲਾਏ ਹਨ। ਸੰਗਰੂਰ, ਲਹਿਰਾਗਾਗਾ, ਸੁਨਾਮ ਤੇ ਬਟਾਲਾ ਆਦਿ ਵਿਖੇ ਈ.ਵੀ.ਐਮ ਮਸ਼ੀਨਾਂ ਵਿਚ ਖ਼ਰਾਬੀ ਆਉਣ ਕਾਰਨ ਵੋਟਿੰਗ ਕੁੱਝ ਦੇਰੀ ਨਾਲ ਸ਼ੁਰੂ ਹੋਈ। ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਰੁਧ ਪੁਲਿਸ ਵਲੋਂ ਚੋਣ ਜ਼ਾਬਤੇ ਦੇ ਉਲੰਘਣ ਦੇ ਦੋਸ਼ ਵਿਚ ਕੇਸ ਵੀ ਦਰਜ ਕੀਤਾ ਗਿਆ ਹੈ। ਵੋਟਰਾਂ ਵਿਚ ਕਾਫ਼ੀ ਉਤਸ਼ਾਹ ਰਿਹਾ। ਸਵੇਰੇ ਸਮੇਂ ਭਾਵੇਂ ਵੋਟਾਂ ਪੈਣ ਦਾ ਕੰਮ ਕੁੱਝ ਮੱਠਾ ਸੀ ਪਰ ਬਾਅਦ ਦੁਪਹਿਰ ਵੋਟਿੰਗ ਦੇ ਕੰਮ ਵਿਚ ਤੇਜ਼ੀ ਆਈੇ। ਸਵੇਰੇ 8 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਬਾਅਦ 10 ਵਜੇ ਤਕ ਕੁਲ 21 ਫ਼ੀ ਸਦੀ ਵੋਟਾਂ ਪਈਆਂ ਸਨ ਪਰ ਬਾਅਦ ਦੁਪਹਿਰ ਤਕ ਇਹ ਅੰਕੜਾ 56 ਫ਼ੀ ਸਦੀ ਤਕ ਪਹੁੰਚ ਗਿਆ। ਸ਼ਾਮ ਨੂੰ 4 ਵਜੇ ਵੋਟਾਂ ਦਾ ਕੰਮ ਖ਼ਤਮ ਹੋਣ ਤਕ ਕਈ ਜ਼ਿਲਿ੍ਹਆਂ ਵਿਚ ਵੋਟ ਫ਼ੀ ਸਦੀ 81 ਫ਼ੀ ਸਦੀ ਤੋਂ ਵੀ ਪਾਰ ਹੋ ਗਈ ਸੀ। ਸੂਬੇ ਭਰ ਵਿਚੋਂ ਮਿਲੀਆਂ ਰੀਪੋਰਟਾਂ ਅਨੁਸਾਰ ਪੱਟੀ ਵਿਚ ਗੋਲੀ ਚਲਣ 
ਦੀ ਘਟਨਾ ਤੋਂ ਇਲਾਵਾ ਜਿਹੜੇ ਹੋਰ ਕੁੱਝ ਥਾਵਾਂ ’ਤੇ ਆਪਸੀ ਝੜਪਾਂ ਦੌਰਾਨ ਮਾਰ ਕੁਟਾਈ ਹੋਈ ਉਨ੍ਹਾਂ ਵਿਚ ਰਾਜਪੁਰਾ, ਸਮਾਣਾ, ਧੂਰੀ, ਮਲੋਟ, ਰੋਪੜ, ਫ਼ਤਿਹਗੜ੍ਹ ਚੂੜੀਆਂ, ਬਟਾਲਾ ਆਦਿ ਦੇ ਕੁੱਝ ਵਾਰਡ ਸ਼ਾਮਲ ਹਨ।

17 ਫ਼ਰਵਰੀ ਨੂੰ ਆਉਣਗੇ ਨਤੀਜੇ
ਅੱਜ ਪਈਆਂ ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਹੋਵੇਗੀ ਅਤੇ ਉਸੇ ਦਿਨ ਬਾਅਦ ਦੁਪਹਿਰ ਤਕ ਸਾਰੇ ਨਤੀਜੇ ਆਉਣਗੇ। ਅੱਜ ਸ਼ਾਮ ਵੋਟਾਂ ਪੈੈਣ ਦਾ ਕੰਮ ਪੂਰਾ ਹੋਣ ਬਾਅਦ ਵੋਟਿੰਗ ਮਸ਼ੀਨਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੱਖ ਵੱਖ ਜ਼ਿਲਿ੍ਹਆਂ ਵਿਚ ਨਿਰਧਾਰਤ ਕੇਂਦਰਾਂ ’ਤੇ ਸੀਲ ਕਰ ਕੇ ਰੱਖੀਆਂ ਗਈਆਂ ਹਨ।