ਪੰਜਾਬ ਵਿਚ ਬਿਜਲੀ ਦੀ ਖਪਤ ਦਾ ਅੰਕੜਾ 5287 ਮੈਗਾਵਾਟ ’ਤੇ ਟਿਕਿਆ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਬਿਜਲੀ ਦੀ ਖਪਤ ਦਾ ਅੰਕੜਾ 5287 ਮੈਗਾਵਾਟ ’ਤੇ ਟਿਕਿਆ

image

ਐਤਵਾਰ ਨੂੰ ਸ਼ਹਿਰੀ ਖੇਤਰ ਦਾ ਲੋਡ ਘੱਟ ਜਾਂਦਾ ਹੈ

ਪਟਿਆਲਾ, 14 ਫ਼ਰਵਰੀ (ਜਸਪਾਲ ਸਿੰਘ ਢਿੱਲੋਂ) : ਪੰਜਾਬ ਅੰਦਰ ਬਿਜਲੀ ਖਪਤ ਦਾ ਅੰਕੜਾ ਲਗਾਤਾਰ ਘਟਦਾ ਵਧਦਾ ਰਹਿੰਦਾ ਹੈ। ਹਾਲ ਹੀ ’ਚ ਮੌਸਮ ’ਚ ਮੁੜ ਮੌਸਮ ਠੰਢ ਹੋਣ  ਨਾਲ ਬਿਜਲੀ ਦੀ ਖਪਤ ਘੱਟ ਗਈ ਹੈ । ਪਿਛਲੇ ਦਿਨਾਂ ’ਚ ਬਿਜਲੀ ਦੀ ਜੋ ਖਪਤ ਵਧ ਕੇ 6400 ਮੈਗਾਵਾਟ ਦੇ ਕਰੀਬ ਪਹੁੰਚ ਗਈ ਸੀ ਪਰ ਹੁਣ 5287 ਮੈਗਾਵਾਟ ਦੇ ਟਿਕਿਆ ਹੋਇਆ ਹੈ। ਆਮ ਕਿਹਾ ਜਾਂਦਾ ਹੈ ਕਿ ਐਤਵਾਰ ਨੂੰ ਸਰਕਾਰੀ ਦਫ਼ਤਰ ਤੇ ਬਹੁਗਿਣਤੀ ਬਜ਼ਾਰ ਵੀ ਬੰਦ ਰਹਿੰਦੇ ਹਨ ਜਿਸ ਕਰ ਕੇ ਬਿਜਲੀ ਦੀ ਖਪਤ ਵੀ ਘੱਟ ਜਾਂਦੀ ਹੈ। 
ਬਿਜਲੀ ਨਿਗਮ ਇਸ ਵੇਲੇ ਅਪਣੀ ਸਾਰੀ ਟੇਕ ਬਿਜਲੀ ਦੀ ਖ਼ਰੀਦ ’ਤੇ ਲਾਈ ਬੈਠਾ ਹੈ। ਬਿਜਲੀ ਨਿਗਮ ਸਰਕਾਰੀ ਤਾਪ ਬਿਜਲੀ ਘਰਾਂ ਨੂੰ ਬੰਦ ਕਰ ਕੇ ਪਿਛਲੀ ਸਰਕਾਰ ਵਲੋਂ ਕੀਤੇ ਗਏ ਲੰਮੇ ਸਮਝੌਤਿਆਂ ਕਾਰਨ Îਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ ਲਗਾਤਾਰ ਬਿਜਲੀ ਖ਼ਰੀਦੀ ਜਾ ਰਹੀ ਹੈ। ਇਸ ਵੇਲੇ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ 1741 ਮੈਗਾਵਾਟ ਬਿਜਲੀ ਖ਼ਰੀਦੀ ਜਾ ਰਹੀ ਹੈ, ਇਸ ਵਿਚ ਤਲਵੰਡੀ ਸਾਬੋ ਤਾਪ ਬਿਜਲੀ ਘਰ ਵਣਾਵਾਲੀ ਦੇ ਦੋ ਯੂਨਿਟਾਂ ਤੋਂ 629 ਮੈਗਾਵਾਟ ਅਤੇ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰਾਂ ਦੇ ਦੋ ਯੂਨਿਟਾਂ ਤੋਂ 1112 ਮੈਗਾਵਾਟ ਬਿਜਲੀ ਸ਼ਾਮਲ ਹੈ। ਇਸ ਨਾਲ ਹੀ ਨਵਿਆਉਣਯੋਗ ਸਰੋਤਾਂ ਤੋਂ 301 ਮੈਗਾਵਾਟ ਬਿਜਲੀ ਮਿਲ ਰਹੀ ਹੈ, ਇਸ ਵਿਚ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 229 ਮੈਗਾਵਾਟ ਅਤੇ ਗ਼ੈਰ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 71 ਮੈਗਾਵਾਟ ਬਿਜਲੀ ਪੰਜਾਬ ਕੋਲ ਮਿਲ ਰਹੀ ਹੈ।  ਇਸ ਨਾਲ ਹੀ ਪਣ ਬਿਜਲੀ ਪ੍ਰਾਜੈਕਟਾਂ ਦਾ ਵੀ ਬਿਜਲੀ ਪੁੂਰਤੀ ’ਚ ਅਹਿਮ ਯੋਗਦਾਨ ਹੈ। ਪਣ ਬਿਜਲੀ ਪ੍ਰਾਜੈਕਟਾਂ ਤੋਂ ਜਿਨ੍ਹਾਂ ’ਚ ਮੁਕੇਰੀਆਂ ਪਣ ਬਿਜਲੀ ਘਰ ਤੋਂ 210 ਮੈਗਾਵਾਟ, ਆਨੰਦਪੁਰ ਸਾਹਿਬ ਪਣ ਬਿਜਲੀ ਘਰਾਂ ਦੇ ਪ੍ਰਾਜੈਕਟਾਂ ਤੋਂ 37 ਮੈਗਾਵਾਟ ਅਤੇ ਹਿਮਾਚਲ ਪ੍ਰਦੇਸ਼ ਸਥਿਤ ਸ਼ਾਨਨ ਪਣ ਬਿਜਲੀ ਘਰ ਤੋਂ ਵੀ ਪੰਜਾਬ ਬਿਜਲੀ ਨਿਗਮ ਨੂੰ 10 ਮੈਗਾਵਾਟ ਬਿਜਲੀ ਪਹੁੰਚ ਰਹੀ ਹੈ।