ਐਡੀਲੇਡ ਵਿਚ ਕਿਸਾਨ ਅੰਦੋਲਨ ’ਤੇ ਕਰਾਏ ਸੈਮੀਨਾਰ ’ਚ ਕਿਸਾਨ ਮੋਰਚੇ ਦਾ ਸਮਰਥਨ
ਐਡੀਲੇਡ ਵਿਚ ਕਿਸਾਨ ਅੰਦੋਲਨ ’ਤੇ ਕਰਾਏ ਸੈਮੀਨਾਰ ’ਚ ਕਿਸਾਨ ਮੋਰਚੇ ਦਾ ਸਮਰਥਨ
ਭਾਰਤ ਸਰਕਾਰ ਵਲੋਂ ਕਿਸਾਨਾਂ ਪ੍ਰਤੀ ਅਪਣਾਏ ਰਵਈਏ ਦੀ ਸਖ਼ਤ ਨਿੰਦਾ
ਪਰਥ, 14 ਫ਼ਰਵਰੀ (ਪਿਆਰਾ ਸਿੰਘ ਨਾਭਾ) : ਇਥੇ ਗੁਰਦੁਆਰਾ ਸਰਬਤ ਖ਼ਾਲਸਾ ਪ੍ਰਾਸਪੈਕਟ ਵਿਖੇ ਗੁਰਦੁਆਰੇ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ ਦੀ ਅਗਵਾਈ ਵਿਚ ਦਿੱਲੀ ਕਿਸਾਨ ਮੋਰਚੇ ’ਤੇ ਸੈਮੀਨਾਰ ਕਰਵਾਇਆਂ ਗਿਆ।
ਇਸ ਦੌਰਾਨ ਬੁਲਾਰਿਆਂ ਨੇ ਭਾਰਤੀ ਹਕੂਮਤ ਵਲੋਂ ਭਾਰਤੀ ਕਿਸਾਨਾਂ ਉੱਪਰ ਧੱਕੇ ਨਾਲ ਲਾਗੂ ਕੀਤੇ ਜਾ ਰਹੇ ਖੇਤੀ ਕਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਮਜਦੂਰਾਂ ਤੇ ਆਮ ਲੋਕਾਂ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਖੁੱਲ ਕੇ ਗੱਲ ਕੀਤੀ ਅਤੇ ਕਿਹਾ ਕਿ ਕਨੂੰਨਾਂ ਦੇ ਲਾਗੂ ਹੋਣ ਨਾਲ ਭਾਰਤ ਵਿਚ ਖੇਤੀ ਸੈਕਟਰ ਨਾਲ ਜੁੜੇ ਕਿਸਾਨਾਂ ਸਮੇਤ ਨਿੱਕੇ ਕਾਰੋਬਾਰੀ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਬੇਰੁਜ਼ਗਾਰੀ ਦਰ ਵਿਚ ਵੀ ਭਾਰੀ ਵਾਧਾ ਹੋਵੇਗਾ । ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਦਹਿਲੀਜਾਂ ’ਤੇ ਸਾਤਮਈ ਮੋਰਚਾ ਲਾਈ ਬੈਠੇ ਹਨ ਪਰ ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ ਵਲ ਧਿਆਨ ਦੇਣ ਦੀ ਬਜਾਏ ਉਹਨਾਂ ਉੱਪਰ ਤਸੱਦਦ ਕਰਨ ਅਤੇ ਕਿਸਾਨਾਂ-ਮਜਦੁਰਾਂ ਤੇ ਨੌਜਵਾਨਾਂ ਉੱਪਰ ਕਥਿਤ ਝੂਠੇ ਪਰਚੇ ਦਰਜ ਕਰ ਕੇ ਸਰਕਾਰ ਕਿਸਾਨਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ।
ਉਨ੍ਹਾਂ ਭਾਰਤ ਸਰਕਾਰ ਵਲੋਂ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਵਿਚ ਆਉਣ ਤੋਂ ਰੋਕਣ ਲਈ ਉਸਾਰੀਆਂ ਗਈਆ ਸੀਮਿੰਟ ਦੀਆਂ ਕੰਧਾਂ ਅਤੇ ਸੜਕਾਂ ਵਿਚ ਸਰੀਏ ਆਦਿ ਗੱਡੇ ਜਾਣ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ। ਬੁਲਾਰਿਆਂ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਲੋਕ ਅਵਾਜ਼ ਨੂੰ ਸੁਣਨ ਅਤੇ ਭਾਰਤ ਵਿਚ ਲੋਕਤੰਤਰ ਨੂੰ ਬਰਕਰਾਰ ਰਖਦੇ ਹੋਏ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਅਤੇ ਕਿਸਾਨਾਂ ਅਤੇ ਨੌਜਵਾਨਾਂ ਉਪਰ ਕੀਤੇ ਝੂਠੇ ਪਰਚਿਆਂ ਨੂੰ ਰੱਦ ਕਰਨ ਦੀ ਅਪੀਲ ਕੀਤੀ ।