ਚੋਣਾਂ ਦੌਰਾਨ ਕਾਨੂੰਨ ਵਿਵਸਥਾ ਸੰਭਾਲਣ 'ਚ ਨਾਕਾਮ ਰਹਿਣ ਲਈ ਕੈਪਟਨ ਤੁਰਤ ਅਸਤੀਫਾ ਦੇਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਤੇ ਕਾਂਗਰਸ ਦੇ ਗੁੰਡਿਆਂ ਨੇ ਚੋਣਾਂ ਵਿੱਚ ਦਹਿਸ਼ਤ ਫੈਲਾਕੇ ਲੋਕਾਂ ਦੇ ਲੋਕਤੰਤਰਿਕ ਅਧਿਕਾਰੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ

Baljinder Kaur and CM Punjab

ਅੰਮ੍ਰਿਤਸਰ: ਸਥਾਨਕ ਚੋਣਾਂ ਦੌਰਾਨ ਪੰਜਾਬ ਵਿੱਚ ਹੋਈ ਹਿੰਸਾ ਅਤੇ 'ਆਪ' ਵਰਕਰਾਂ ਉਤੇ ਹੋਏ ਹਮਲੇ ਉੱਤੇ ਆਮ ਆਦਮੀ ਪਾਰਟੀ ਨੇ ਦੁੱਖ ਪ੍ਰਗਟਾਇਆ। ਸੋਮਵਾਰ ਨੂੰ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਨੇ ਹਿੰਸਾ ਵਿੱਚ ਜ਼ਖਮੀ ਹੋਈ 'ਆਪ' ਆਗੂ ਲਾਲਜੀਤ ਸਿੰਘ ਭੁੱਲਰ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਚੋਣਾਂ ਵਾਲੇ ਦਿਨ ਪੱਟੀ ਵਿੱਚ ਕਾਂਗਰਸ ਦੇ ਗੁੰਡਿਆਂ ਨੇ ਚੋਣ ਬੂਥ ਕੋਲ ਹਿੰਸਾ ਕੀਤੀ, ਭੰਨ ਤੋੜ ਕਰਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।

ਕਾਂਗਰਸ ਦੇ ਗੁੰਡਿਆਂ ਨੇ ਹਥਿਆਰਾਂ ਨਾਲ ਬੂਥਾਂ ਉਤੇ ਕਬਜ਼ੇ ਕਰ ਲਏ ਅਤੇ ਵੋਟ ਪਾਉਣ ਆਏ ਵੋਟਰਾਂ ਨੂੰ ਬੂਥਾਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਵਿੱਚ 'ਆਪ' ਦੇ ਇਕ ਵਰਕਰ ਮਨਵੀਰ ਸਿੰਘ ਨੂੰ ਗੋਲੀ ਲੱਗੀ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਥੇ ਇਕ 'ਆਪ' ਆਗੂ ਲਾਲਜੀਤ ਭੁੱਲਰ, ਜਿਨ੍ਹਾਂ ਕਾਂਗਰਸ ਦੇ ਗੁੰਡਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੀ ਪੁਲਿਸ ਨੇ ਬੇਰਹਿਮੀ ਨਾਲ ਮਾਰਕੁੱਟ ਕੀਤੀ ਅਤੇ ਜਬਰਦਸਤੀ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਚੋਣਾਂ ਖਤਮ ਹੋਣ ਤੱਕ ਰਿਹਾਅ ਨਹੀਂ ਕੀਤਾ ਗਿਆ। ਪੁਲਿਸ ਨੇ ਅਜਿਹਾ ਕਾਂਗਰਸ ਦੇ ਗੁੰਡਿਆਂ ਵੱਲੋਂ ਬੂਥ ਕੇਂਦਰਾਂ ਉਤੇ ਕਬਜ਼ੇ ਕਰਾਉਣ ਦੇ ਉਦੇਸ਼ ਨਾਲ ਕੀਤਾ।

'ਆਪ' ਵਿਧਾਇਕ ਸੋਮਵਾਰ ਨੂੰ ਚੋਣਾਂ ਦੌਰਾਨ ਕਾਂਗਰਸ ਦੇ ਗੁੰਡਿਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਗੋਲੀ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋਏ ਆਪ ਵਰਕਰ ਮਨਵੀਰ ਸਿੰਘ ਅਤੇ ਹੋਰ 'ਆਪ'ਵਰਕਰਾਂ ਨਾਲ ਅੰਮ੍ਰਿਤਸਰ ਦੇ ਹਸਪਤਾਲ ਮਿਲਣ ਪਹੁੰਚੇ। ਹਸਪਤਾਲ ਵਿੱਚ ਉਨ੍ਹਾਂ ਮਨਵੀਰ ਸਿੰਘ ਅਤੇ ਹੋਰ ਜ਼ਖਮੀ ਵਰਕਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਨੂੰ ਪਾਰਟੀ ਵੱਲੋਂ ਹਰਸੰਭਵ ਮਦਦ ਦੇਣ ਦਾ ਵਿਸ਼ਵਾਸ ਦਿੱਤਾ।

ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਕੀ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਲੋਕਤੰਤਰ ਹੈ? ਕੀ ਇਹ ਉਹ ਲੋਕਤੰਤਰ ਹੈ ਜਿਸ ਨੂੰ ਤੁਹਾਨੂੰ ਪੰਜਾਬ ਦੇ ਲੋਕਾਂ ਵੱਲੋਂ ਸੁਰੱਖਿਅਤ ਰੱਖਣ ਦਾ ਜਿੰਮਾ ਦਿੱਤਾ ਗਿਆ ਸੀ? ਆਪਣੇ ਗੁੰਡਿਆਂ ਵੱਲੋਂ ਉਨ੍ਹਾਂ ਲੋਕਾਂ ਦੇ ਅਧਿਕਾਰਾਂ ਉੱਤੇ ਹਮਲਾ ਕਰਵਾਇਆ ਜਿਨ੍ਹਾਂ ਨੂੰ ਤੁਹਾਡੇ ਉਤੇ ਭਰੋਸਾ ਕਰਕੇ ਸੱਤਾ ਸੌਪੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਗੁੰਡਿਆਂ ਨੇ ਇਸ ਮਕਸਦ ਨਾਲ ਪੂਰੇ ਸੂਬੇ ਵਿੱਚ ਹਿੰਸਾ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਫੈਲਾਇਆ ਤਾਂ ਕਿ ਵੋਟਰ ਡਰ ਦੇ ਮਾਰੇ ਵੋਟ ਕਰਨ ਲਈ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।

ਰਾਜ ਦੇ ਗ੍ਰਹਿ ਮੰਤਰੀ ਵਜੋਂ ਇਹ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਸੀ ਕਿ ਹਿੰਸਾ ਦੀ ਘਟਨਾ ਨੂੰ ਰੋਕੇ ਤਾਂ ਕਿ ਲੋਕ ਬਿਨਾਂ ਕਿਸੇ ਡਰ ਤੋਂ ਵੋਟਾਂ ਪਾ ਸਕਣ। ਪ੍ਰੰਤੂ ਕੈਪਟਨ ਸੂਬੇ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਬੁਰੀ ਤਰ੍ਹਾਂ ਫੇਲ੍ਹ ਰਹੇ ਅਤੇ ਗੁੰਡਾਗਰਦੀ ਦੀ ਘਟਨਾਵਾਂ ਨੂੰ ਰੋਕ ਪਾਉਣ ਵਿਚ ਨਾਕਾਮ ਰਹੇ। ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦਾ ਭਰੋਸਾ ਗੁਆ ਦਿੱਤਾ ਹੈ, ਉਹ ਜਨਤਾ ਦੀ ਕੁਰਸੀ ਉੱਤੇ ਬੈਠਣ ਲਾਇਕ ਨਹੀਂ ਹੈ। ਹੁਣ ਉਨ੍ਹਾਂ ਹਿੰਸਾ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ।

 ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀ ਗੁੰਡਾਗਰਦੀ ਤੋਂ ਤੰਗ ਆ ਚੁੱਕੇ ਹਨ। 2022 ਵਿੱਚ ਆਮ ਆਦਮੀ ਪਾਰਟੀ ਪੂਰਣ ਬਹੁਮਤ ਨਾਲ ਸੱਤਾ ਵਿੱਚ ਆ ਰਹੀ ਹੈ। ਸੱਤਾ ਵਿੱਚ ਆਉਣ ਤੋਂ ਬਾਅਦ ਅਸੀਂ ਇਨ੍ਹਾਂ ਗੁੰਡਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਅਸਲੀ ਥਾਂ ਜੇਲ੍ਹ ਭੇਜਾਂਗੇ। ਇਸ ਮੌਕੇ ਉਨ੍ਹਾਂ ਨਾਲ 'ਆਪ' ਪੰਜਾਬ ਦੇ ਸੰਯੁਕਤ ਸਕੱਤਰ ਬਲਜੀਤ ਸਿੰਘ ਖਹਿਰਾ, ਅਸ਼ੋਕ ਤਲਵਾਰ, ਤਰਨਤਾਰਨ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ, ਕੁਲਦੀਪ ਸਿੰਘ ਧਾਲੀਵਾਲ, ਪਾਰਟੀ ਆਗੂ ਰਣਜੀਤ ਸਿੰਘ ਚੀਮਾ, ਗੁਰਦੇਵ ਸਿੰਘ ਲੱਖਾ, ਦਿਲਬਾਗ ਸਿੰਘ ਫੌਜੀ, ਰਣਜੀਤ ਕੋਟਦਾਤਾ, ਜਗਜੀਤ ਬੁਰਜ, ਵਿਰਸਾ ਸਿੰਘ, ਸੁਖਦੇਵ ਸਿੰਘ, ਫੁਲਾ ਸਿੰਘ, ਜੈਮਲ ਸਿੰਘ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ।