'ਆਪ' ਸਰਕਾਰ 'ਚ ਇੰਸਪੈਕਟਰ ਕਿਸੇ ਵੀ ਦੁਕਾਨਦਾਰ ਤੇ ਵਪਾਰੀ ਨੂੰ ਨਹੀਂ ਕਰਨਗੇ ਤੰਗ: ਮਨੀਸ਼ ਸਿਸੋਦੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਵਪਾਰੀਆਂ ਦੀ ਸੁਰੱਖਿਆ ਦੇ ਲਈ ਇੰਸਪੈਕਟਰੀ ਰਾਜ ਨੂੰ ਪੂਰੀ ਤਰ੍ਹਾਂ ਕਰਾਂਗੇ ਖਤਮ'

Manish Sisodia

 

ਪਟਿਆਲਾ (ਨਾਭਾ) ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪਟਿਆਲਾ ਸ਼ਹਿਰੀ ਦੇ ਵਿਧਾਨ ਸਭਾ ਹਲਕਾ ਨਾਭਾ ਤੋਂ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ (ਦੇਵ ਮਾਨ) ਅਤੇ ਪਟਿਆਲਾ ਦੇਹਾਤੀ ਦੇ ਵਿਧਾਨ ਸਭਾ ਹਲਕਾ ਤ੍ਰਿਪੜੀ ਤੋਂ ਉਮੀਦਵਾਰ ਡਾ: ਬਲਬੀਰ ਦੇ ਹੱਕ ਵਿੱਚ ਪ੍ਰਚਾਰ ਕੀਤਾ। ਸਿਸੋਦੀਆ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾ ਕੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।

 

 

ਮੰਗਲਵਾਰ ਨੂੰ ਮਨੀਸ਼ ਸਿਸੋਦੀਆ ਨੇ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਦੇ ਵੱਖ-ਵੱਖ ਖੇਤਰਾਂ ਵਿੱਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ। ਸਿਸੋਦੀਆ ਨੇ ਕਿਹਾ ਕਿ ਅਕਾਲੀ-ਕਾਂਗਰਸ ਦੀਆਂ ਬੇਈਮਾਨ ਸਰਕਾਰਾਂ ਸਾਲਾਂ ਤੋਂ ਪੰਜਾਬ ਅਤੇ ਪੰਜਾਬੀਆਂ 'ਤੇ ਬਹੁਤ ਅੱਤਿਆਚਾਰ ਕਰਦਿਆਂ ਆ ਰਹੀਆਂ ਹਨ। ਹੁਣ ਪੰਜਾਬ ਨੂੰ ਇਮਾਨਦਾਰ ਰਾਜਨੀਤੀ ਦੀ ਲੋੜ ਹੈ। ਇਸ ਵਾਰ ਲੋਕਾਂ ਨੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਨੂੰ ਮੌਕਾ ਦੇਣ ਦਾ ਮਨ ਬਣਾ ਲਿਆ ਹੈ। 'ਆਪ' ਦੀ ਸਰਕਾਰ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਵੇਗੀ।

 

 

 

 

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੰਮ ਕਰਕੇ ਦਿਖਾਇਆ ਹੈ। ਦਿੱਲੀ ਵਿੱਚ ਅਸੀਂ ਇੰਸਪੈਕਟਰੀ ਰਾਜ ਖਤਮ ਕੀਤਾ। ਵੈਟ ਘਟਾ ਕੇ ਵਪਾਰੀਆਂ 'ਤੇ ਭਾਰੀ ਟੈਕਸ ਦਾ ਬੋਝ ਘਟਾਇਆ ਗਿਆ। ਅੱਜ ਦਿੱਲੀ ਦਾ ਹਰ ਵਪਾਰੀ ਅਤੇ ਦੁਕਾਨਦਾਰ ਇਹ ਭੁੱਲ ਗਿਆ ਹੈ ਕਿ ਇੰਸਪੈਕਟਰ ਕੀ ਹੁੰਦਾ ਹੈ। 10 ਮਾਰਚ ਤੋਂ ਬਾਅਦ ਪੰਜਾਬ 'ਚ ਵੀ ਇੰਸਪੈਕਟਰੀ ਰਾਜ ਖਤਮ ਹੋ ਜਾਵੇਗਾ। ਸਿਸੋਦੀਆ ਨੇ ਵਾਅਦਾ ਕੀਤਾ ਕਿ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਇੰਸਪੈਕਟਰ ਦੁਕਾਨਦਾਰ ਜਾਂ ਵਪਾਰੀ ਨੂੰ ਕਦੇ ਵੀ ਪ੍ਰੇਸ਼ਾਨ ਨਹੀਂ ਕਰੇਗਾ।

 

ਸਿਸੋਦੀਆ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਆਈ ਮੰਦੀ ਕਾਰਨ ਸੂਬੇ ਦਾ ਹਰ ਛੋਟਾ-ਵੱਡਾ ਦੁਕਾਨਦਾਰ ਅਤੇ ਵਪਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕਾਂਗਰਸ ਅਤੇ ਇਸ ਦੇ ਮੰਤਰੀਆਂ ਨੇ ਉਨ੍ਹਾਂ ਨੂੰ ਰਿਆਇਤਾਂ ਦੇਣ ਦੀ ਬਜਾਏ ਆਪਣੀਆਂ ਤਿਜੋਰੀਆਂ ਭਰੀਆਂ। 'ਆਪ' ਦੀ ਸਰਕਾਰ ਵਪਾਰੀਆਂ, ਉਦਯੋਗਪਤੀਆਂ ਅਤੇ ਦੁਕਾਨਦਾਰਾਂ ਨੂੰ ਪ੍ਰਫੁੱਲਤ ਕਰਨ ਅਤੇ ਮੰਦੀ ਤੋਂ ਉਭਾਰਨ ਲਈ ਨਵੀਆਂ ਯੋਜਨਾਵਾਂ ਲੈ ਕੇ ਆਵੇਗੀ।

 

 

ਸਿਸੋਦੀਆ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਰਹੀ। ਅਕਾਲੀ ਨੇਤਾਵਾਂ ਨੇ ਸੂਬੇ ਨੂੰ ਭ੍ਰਿਸ਼ਟਾਚਾਰ ਅਤੇ ਮਾਫੀਆ ਦੀ ਰਾਜਧਾਨੀ ਬਣਾ ਦਿੱਤਾ। ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀਆਂ ਦੀ ਇਸ ਰਵਾਇਤ ਨੂੰ ਅੱਗੇ ਤੋਰਿਆ। ਦੋਵਾਂ ਪਾਰਟੀਆਂ ਨੇ ਮਿਲ ਕੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਹੈ।

 

ਅਸੀਂ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣਾ ਹੈ। ਸਿਸੋਦੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਅਕਾਲੀ ਅਤੇ ਕਾਂਗਰਸ ਨੂੰ ਮੌਕੇ ਦਿੱਤੇ ਹਨ। ਇਸ ਵਾਰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿਓ ਅਤੇ 20 ਫਰਵਰੀ ਨੂੰ ਝਾੜੂ ਦਾ ਬਟਨ ਦਬਾ ਕੇ ਪੰਜਾਬ ਵਿੱਚ 'ਆਪ' ਦੀ ਇਮਾਨਦਾਰ ਅਤੇ ਸਥਿਰ ਸਰਕਾਰ ਬਣਾਓ।