ਸਮਿਤ ਸਿੰਘ ਮਾਨ ਨੇ ਵਿਰੋਧੀਆਂ ਨੂੰ ਮੁੱਦਿਆਂ ਉੱਪਰ ਬਹਿਸ ਲਈ ਦਿੱਤਾ ਖੁੱਲਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮਰਗੜ੍ਹ ਹਲਕੇ ਦੇ ਬਹੁਤ ਸਾਰੇ ਪਿੰਡਾਂ ਵਿਚ ਘਰ ਘਰ ਜਾ ਕੇ ਅਤੇ ਨੁੱਕੜ ਬੈਠਕਾਂ ਕਰਕੇ ਕੀਤਾ ਚੋਣ ਪ੍ਰਚਾਰ

Samit Singh Mann

 

ਅਮਰਗੜ੍ਹ: ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਨੌਜਵਾਨ ਉਮੀਦਵਾਰ ਸਮਿਤ ਸਿੰਘ ਮਾਨ ਨੇ ਅੱਜ ਅਮਰਗੜ੍ਹ ਹਲਕੇ ਦੇ ਬਹੁਤ ਸਾਰੇ ਪਿੰਡਾਂ ਵਿਚ ਘਰ ਘਰ ਜਾ ਕੇ ਅਤੇ ਨੁੱਕੜ ਬੈਠਕਾਂ ਕਰਕੇ ਚੋਣ ਪ੍ਰਚਾਰ ਕੀਤਾ।

 

 

ਉਨ੍ਹਾਂ ਨੇ ਅੱਜ ਰੁੜਕੀ ਖੁਰਦ, ਰੁੜਕੀ ਕਲਾਂ, ਜੱਬੋਮਾਜਰਾ, ਤੁਰਥਲਾ ਮੰਡੇਰ, ਗੱਜਣਮਾਜਰਾ, ਦੁਗਰੀ, ਚੰਦੂਰਾਈਆਂ, ਜੱਟੂਆਂ, ਛੋਕਰਾਂ, ਮੋਰਾਂਵਾਲੀ, ਦੱਲਣਵਾਲ, ਬਦੇਸੇ, ਮੰਡੀਆਂ ਅਤੇ ਲਸੋਈ ਪਿੰਡਾਂ ਵਿਚ ਜਾ ਕੇ ਹਲਕਾ ਵਾਸੀਆਂ ਨਾਲ ਆਪਣਾ ਚੋਣ ਏਜੰਡਾ ਸਾਂਝਾ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਮਿਲ ਕੇ ਬਣਾਏ ‘ਪੰਜਾਬ ਮਾਡਲ’ ਬਾਰੇ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ ‘ਪੰਜਾਬ ਮਾਡਲ’ ਅੰਦਰ ਪੰਜਾਬ ਦੀ ਹਰ ਮੁਸ਼ਕਿਲ ਦਾ ਹੱਲ ਹੈ ਕਿਉਂਕਿ ਇਹ ਪੰਜਾਬ ਦੀ ਆਮਦਨ ਵਧਾ ਕੇ ਉਸਨੂੰ ਲੋਕਾਂ ਦੀ ਭਲਾਈ ਉੱਤੇ ਲਗਾਉਣ ਉੱਪਰ ਕੇਂਦਰਿਤ ਹੈ।

ਇਸ ਦੇ ਨਾਲ ਹੀ ਸਮਿਤ ਸਿੰਘ ਮਾਨ ਨੇ ਅੱਜ ਹਲਕਾ ਅਮਰਗੜ੍ਹ ਤੋਂ ਚੋਣ ਮੈਦਾਨ ਵਿਚ ਉੱਤਰੇ ਹੋਏ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਕਿਸੇ ਵੀ ਮਸਲੇ ਜਿਵੇਂ ਖੇਤੀ, ਨਸ਼ਾ, ਬੇਰੁਜ਼ਗਾਰੀ, ਮਹਿੰਗਿਆਈ, ਵਾਤਾਵਰਣ, ਮਾਫੀਆ ਆਦਿ ਉੱਪਰ ਬਹਿਸ ਕਰਨ ਦਾ ਖੁੱਲ੍ਹਾ ਸੱਦਾ ਵੀ ਦਿੱਤਾ। ਉਨ੍ਹਾਂ ਨੁੱਕੜ ਬੈਠਕਾਂ ਵਿਚ ਵੱਖ ਵੱਖ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਮੈਂ ਅਮਰਗੜ੍ਹ ਹਲਕੇ ਤੋਂ ਖੜ੍ਹੇ ਸਭ ਉਮੀਦਵਾਰਾਂ ਨੂੰ ਪੰਜਾਬ ਨਾਲ ਜੁੜੇ ਕਿਸੇ ਵੀ ਮੁੱਦੇ ਉੱਪਰ ਕਿਸੇ ਵੀ ਵਕਤ, ਕਿਸੇ ਵੀ ਸਥਾਨ ਉੱਪਰ ਬਹਿਸ ਕਰਨ ਦਾ ਖੁੱਲ੍ਹਾ ਸੱਦਾ ਦਿੰਦਾ ਹਾਂ।