ਪ੍ਰਧਾਨ ਮੰਤਰੀ ਦੱਸਣ, ‘ਬੈਂਕਾਂ ਵਿਚ 22,842 ਕਰੋੜ ਦੀ ਧੋਖਾਧੜੀ’ ਕਿਵੇਂ ਹੋਈ? : ਕਾਂਗਰਸ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਦੱਸਣ, ‘ਬੈਂਕਾਂ ਵਿਚ 22,842 ਕਰੋੜ ਦੀ ਧੋਖਾਧੜੀ’ ਕਿਵੇਂ ਹੋਈ? : ਕਾਂਗਰਸ

image

ਨਵੀਂ ਦਿੱਲੀ, 14 ਫ਼ਰਵਰੀ : ਕਾਂਗਰਸ ਨੇ ਗੁਜਰਾਤ ਦੇ ਏਬੀਜੀ ਸ਼ਿਪਯਾਰਡ ਵਲੋਂ 22,842 ਕਰੋੜ ਰੁਪਏ ਦੀ ਕਥਿਤ ਧੋਖਾਧੀ ਦੇ ਮਾਮਲੇ ਸਬੰਧੀ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੱਸਣ ਕਿ ਇਹ ਧੋਖਾਧੜੀ ਕਿਵੇਂ ਹੋਈ ਤੇ ਉਹ ਇਸ ਉਤੇ ਚੁੱਪ ਕਿਉਂ ਹਨ? ਪਾਰਟੀ ਬੁਲਾਰੇ ਗੌਰਵ ਵੱਲਬ ਨੇ ਦਾਅਵਾ ਕੀਤਾ ਕਿ ਏਬੀਜੀ ਸ਼ਿਪਯਾਰਡ ਵਲੋਂ ਧੋਖਾਧੜੀ ਬਾਰੇ ਸਰਕਾਰ ਨੂੰ ਪੰਜ ਸਾਲ ਪਹਿਲਾਂ ਜਾਣਕਾਰੀ ਮਿਲ ਗਈ ਸੀ, ਪਰ ਸਰਕਾਰ ਨੇ ਪੰਜ ਸਾਲ ਤਕ ਕੋਈ ਕਾਰਵਾਈ ਨਹੀਂ ਕੀਤੀ।
  ਉਨ੍ਹਾਂ ਪੱਤਰਕਾਰ ਵਾਰਤਾ ਵਿਚ ਕਿਹਾ,‘‘ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦੇਸ਼ ਦੇ ਅਰਥਚਾਰੇ ਨੂੰ ਪੰਜ ਹਜ਼ਾਰ ਅਰਬ ਡਾਲਰ ਦਾ ਬਣਾਉਣਗੇ, ਪਰ ਬੈਂਕਾਂ ’ਚੋਂ ਪੰਜ ਹਜ਼ਾਰ ਅਰਬ ਰੁਪੲੈ ਲੁੱਟ ਲਏ ਗਏ। ਜਾਲਸਾਜ਼ੀ ਕਾਰਨ ਬੈਂਕਾਂ ਨੂੰ ਔਸਤਨ ਰੋਜ਼ਾਨਾ 195.5 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਮਨਰੇਗਾ ਦਾ ਹਰ ਦਿਨ ਦਾ ਖ਼ਰਚਾ ਵੀ ਕਰੀਬ ਇੰਨਾ ਹੀ ਹੈ। ਭਾਵ ਇਹ ਧੋਖਾਧੜੀ ਨਾ ਹੁੰਦੀ, ਤਾਂ ਮਨਰੇਗਾ ਵਿਚ ਜ਼ਿਆਦਾ ਰੁਜ਼ਗਾਰ ਮਿਲ ਜਾਂਦਾ।’’  ਵੱਲਭ ਨੇ ਕਿਹਾ,‘‘ਸਰਕਾਰ ਨੂੰ 2017 ਵਿਚ ਹੀ ਇਸ ਧੋਖਾਧੜੀ ਦੀ ਜਾਣਕਾਰੀ ਮਿਲ ਗਈ ਸੀ, ਪਰ ਪੰਜ ਸਾਲ ਤਕ ਸਰਕਾਰ ਨੇ ਕੁੱਝ ਨਹੀਂ ਕੀਤਾ। ਸਿਰਫ਼ ਫ਼ਾਈਲਾਂ ਇਧਰ-ਉਧਰ ਕਰਦੀ ਰਹੀ।’’ ਉਨ੍ਹਾਂ ਸਵਾਲ ਕੀਤਾ,‘‘ਪ੍ਰਧਾਨ ਮੰਤਰੀ ਜੀ ਤੇ ਵਿੱਤ ਮੰਤਰੀ ਜੀ ਤੁਸੀਂ ਚੁੱਪ ਕਿਉਂ ਹੋ? ਤੁਸੀਂ ਦੇਸ਼ ਨੂੰ ਕਿਉਂ ਨਹੀਂ ਦਸਦੇ ਕਿ ਇਹ ਧੋਖਾਧੜੀ ਕਿਵੇਂ ਹੋਈ? ਰਿਸ਼ੀ ਅਗਰਵਾਲ ਨੂੰ ਹੁਣ ਤਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਅ? ਅਗਰਵਾਲ ਦੀ ਨਾਗਰਿਕਤਾ ਕਿਸ ਦੇਸ਼ ਦੀ ਹੈ? ਉਸ ਦਾ ਨਾਂ ਭਗੋੜਿਆਂ ਦੀ ਸੂਚੀ ਵਿਚ ਕਿਉਂ ਨਹੀਂ ਪਾਇਆ? ਕਿਉਂ ਇਹ ਸੱਭ ਸਰਕਾਰ ਦੀ ਗੰਢਤੁੱਪ ਨਾਲ ਹੋ ਰਿਹਾ ਹੈ?’’
  ਜ਼ਿਕਰਯੋਗ ਹੈ ਕਿ ਸੀਬੀਆਈ ਨੇ ਸੱਤ ਫ਼ਰਵਰੀ ਨੂੰ ਏਬੀਜੀ ਸ਼ਿਪਯਾਰਡ ਲਿਮਟਿਡ, ਇਸ ਦੇ ਸਾਬਕਾ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰਿਸ਼ੀ ਕਮਲੇਸ਼ ਅਗਰਵਾਲ ਅਤੇ ਹੋਰਾਂ ਵਿਰੁਧ ਆਈਸੀਆਈਸੀਆਈ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਇਕ ਸਮੂਹ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। (ਪੀਟੀਆਈ)