ਸਿਰ ਦਰਦ ਦੀ ਗੋਲੀ ਲੈਣ ਲਈ ਦੁਕਾਨ 'ਤੇ ਆਏ ਬਦਮਾਸ਼, ਗੋਲਕ 'ਚੋਂ ਪੈਸੇ ਲੈ ਕੇ ਹੋਏ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ CCTV 'ਚ ਹੋਈ ਕੈਦ

photo

 

ਸੁਨਾਮ: ਸੁਨਾਮ ਦੇ ਸਰਕਾਰੀ ਹਸਪਤਾਲ ਨੇੜੇ ਮੋਦੀ ਦਾਵਾਖਾਨਾ ਤੋਂ 3 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਦਮ 'ਤੇ ਦਵਾਈ ਵਿਕਰੇਤਾ ਤੋਂ ਨਕਦੀ ਅਤੇ ਮੋਬਾਈਲ ਲੁੱਟ ਲਿਆ। ਲੁੱਟ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਦੇ ਹੱਥ ਲੁਟੇਰਿਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਜਾਣਕਾਰੀ ਦਿੰਦਿਆਂ ਦੁਕਾਨਦਾਰ ਸੰਨੀ ਨੇ ਦੱਸਿਆ ਕਿ ਮੰਗਲਵਾਰ ਰਾਤ ਉਨ੍ਹਾਂ ਕੋਲ ਆਏ ਇਕ ਨੌਜਵਾਨ ਨੇ ਸਿਰ ਦਰਦ ਦੀ ਦਵਾਈ ਮੰਗੀ। ਉਸਨੇ ਉਸਨੂੰ ਦਵਾਈ ਦਿੱਤੀ। ਇਸ ਤੋਂ ਬਾਅਦ ਉਹ ਫਿਰ ਆਇਆ ਅਤੇ ਆਪਣੇ ਭਰਾ ਲਈ ਵੀ ਦਵਾਈ ਮੰਗੀ ਤਾਂ ਮੈਂ ਕਿਹਾ ਕਿ ਇਸ ਦਵਾਈ ਨਾਲ ਦਰਦ ਦੂਰ ਹੋ ਜਾਵੇਗਾ।

ਇਹ ਵੀ ਪੜ੍ਹੋ : ਧੀ ਨੂੰ ਮਿਲ ਕੇ ਵਾਪਸ ਆ ਰਹੇ ਮਾਂ-ਪੁੱਤ ਦੀ ਸੜਕ ਹਾਦਸੇ ਵਿਚ ਮੌਤ  

ਇਸੇ ਦੌਰਾਨ ਉਸ ਦੇ ਦੋ ਹੋਰ ਸਾਥੀ ਦੁਕਾਨ ਦੇ ਅੰਦਰ ਆ ਗਏ। ਤਿੰਨਾਂ ਲੁਟੇਰਿਆਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਸੋਫੇ ’ਤੇ ਸੁੱਟ ਦਿੱਤਾ। ਦੋ ਲੁਟੇਰੇ ਉਸ ਨਾਲ ਧੱਕਾ-ਮੁੱਕੀ ਕਰਦੇ ਰਹੇ, ਜਦਕਿ ਇਕ ਨੇ ਕਾਊਂਟਰ ਦੇ ਅੰਦਰ ਪਈ ਗੋਲਕ 'ਚੋਂ ਸਾਰੀ ਨਕਦੀ ਕੱਢ ਲਈ। ਇਸ ਦੇ ਨਾਲ ਹੀ ਲੁਟੇਰਿਆਂ ਨੇ ਉਸ ਦਾ ਮੋਬਾਈਲ ਫ਼ੋਨ ਵੀ ਖੋਹ ਲਿਆ ਤਾਂ ਜੋ ਉਹ ਕਿਸੇ ਨੂੰ ਫ਼ੋਨ ਨਾ ਕਰ ਸਕੇ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਮਿਲੇ ਹੈਂਡ ਗ੍ਰਨੇਡ ਤੇ ਕਾਰਤੂਸ, BSF ਨੇ ਚਲਾਇਆ ਸਰਚ ਆਪਰੇਸ਼ਨ

ਸੰਨੀ ਨੇ ਦੱਸਿਆ ਕਿ ਲੁਟੇਰਿਆਂ ਕੋਲ ਸਪਲੈਂਡਰ ਮੋਟਰਸਾਈਕਲ ਸੀ ਜਿਸ 'ਤੇ ਉਹ ਸਵਾਰ ਸੀ ਅਤੇ ਲੁੱਟ ਕਰਨ ਤੋਂ ਬਾਅਦ ਫ਼ਰਾਰ ਹੋ ਗਏ | ਉਨ੍ਹਾਂ ਦੇ ਜਾਣ ਤੋਂ ਬਾਅਦ ਸੰਨੀ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਨੂੰ ਸੀਸੀਟੀਵੀ 'ਚ ਦੇਖਿਆ ਅਤੇ ਫੁਟੇਜ ਨੂੰ ਕਬਜ਼ੇ 'ਚ ਲੈ ਲਿਆ।
ਥਾਣਾ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਫੋਨ ਆਇਆ ਕਿ ਮੋਦੀ ਦਵਾਖਾਨਾ 'ਤੇ ਲੁੱਟ-ਖੋਹ ਹੋ ਗਈ ਹੈ। ਕੁਝ ਲੁਟੇਰੇ ਦੁਕਾਨਦਾਰ ਨੂੰ ਡਰਾ ਧਮਕਾ ਕੇ ਪੈਸੇ ਅਤੇ ਉਸ ਦਾ ਮੋਬਾਈਲ ਲੈ ਕੇ ਫ਼ਰਾਰ ਹੋ ਗਏ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਹੈ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।