ਅਜੇ ਤਾਂ ਸ਼ੁਰੂਆਤ ਹੈ, ਪਤਾ ਨਹੀਂ ਕਿੰਨੇ ਹੋਰ ਅਮਰੀਕੀ ਜਹਾਜ਼ ਉਤਰਨਗੇ : ਰਵਨੀਤ ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਪਸ ਆਏ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਕੀਤੀ ਮੰਗ

This is just the beginning, it is not known how many more American planes will land: Ravneet Bittu

ਅੰਮ੍ਰਿਤਸਰ: ਅੰਮ੍ਰਿਤਸਰ ਹਵਾਈ ਅੱਡੇ ਪੁੱਜ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਮਰੀਕਾ ਤੋਂ ਦੇਸ਼ ਨਿਕਾਲਾ ਪ੍ਰਾਪਤ ਲੋਕਾਂ ਦੇ ਆਉਣ ਤਾਂ ਅਜੇ ਸ਼ੁਰੂਆਤ ਹੋਈ ਹੈ ਅਤੇ ਹੋ ਸਕਦਾ ਹੈ ਕਿ ਹਜ਼ਾਰਾਂ ਲੋਕ ਉਥੋਂ ਆਉਣਗੇ ਅਤੇ ਦੇਸ਼ ਦੇ ਕਈ ਹਵਾਈ ਅੱਡਿਆਂ ’ਤੇ ਉਤਾਰਨੇ ਪੈਣਗੇ। ਉਨ੍ਹਾਂ ਨੇ ਪੰਜਾਬ ਸਰਕਾਰ  ਵਲੋਂ ਅਮਰੀਕੀ ਜਹਾਜ਼ ਸਿਰਫ਼ ਅੰਮ੍ਰਿਤਸਰ ਉਤਾਰ ਕੇ ਪੰਜਾਬ ਨੂੰ ਬਦਨਾਮ ਕਰਨ ਦੇ ਦੋਸ਼ ਨੂੰ ਬੇਬੁਨਿਆਦ ਦਸਿਆ।

ਕੇਂਦਰੀ ਮੰਤਰੀ ਨੇ ਕਿਹਾ, ‘‘ਸੂਚਨਾ ਹੈ ਕਿ ਬਹੁਤ ਵੱਡੀ ਗਿਣਤੀ ’ਚ ਗ਼ੈਰਕਾਨੂੰਨੀ ਪ੍ਰਵਾਸ ਕਰਨ ਵਾਲੇ ਭਾਰਤ ਦੇ ਲੋਕ ਅਮਰੀਕਾ ਦੀ ਹਿਰਾਸਤ ’ਚ ਹਨ। ਆਉਣ ਵਾਲੇ ਸਮੇਂ ’ਚ ਪਤਾ ਨਹੀਂ ਉਨ੍ਹਾਂ ਨੂੰ ਕਿਹੜੇ-ਕਿਹੜੇ ਹਵਾਈ ਅੱਡੇ ’ਤੇ ਉਤਾਰਨਾ ਪਵੇਗਾ।’’ ਉਨ੍ਹਾਂ ਕਿਹਾ ਕਿ ਪੰਜਾਬ ’ਚ ਜਹਾਜ਼ ਉਤਰਨ ਨਾਲ ਸੂਬੇ ਦੀ ਕੋਈ ਬਦਨਾਮੀ ਨਹੀਂ ਹੋਈ ਹੈ। ਉਨ੍ਹਾਂ ਕਿਹਾ, ‘‘ਵਾਪਸ ਆਉਣ ਵਾਲਿਆਂ ਦੀ ਸੂਚੀ ’ਚ ਹੋਰ ਵੀ ਸੂਬਿਆਂ ਦੇ ਲੋਕਾਂ ਦੇ ਨਾਂ ਹਨ ਅਤੇ ਜਨਤਕ ਹਨ, ਪਰ ਉਨ੍ਹਾਂ ਸੂਬਿਆਂ ਨੇ ਤਾਂ ਨਹੀਂ ਕਿਹਾ ਕਿ ਇਨ੍ਹਾਂ ਨਾਵਾਂ ਨੂੰ ਜਨਤਕ ਨਾ ਕਰੋ, ਸਾਡੀ ਬਦਨਾਮੀ ਹੋਵੇਗੀ। ਤਾਂ ਫਿਰ ਪੰਜਾਬ ਦੀ ਬਦਨਾਮੀ ਕਿਸ ਤਰ੍ਹਾਂ ਹੋ ਗਈ?’’
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਭਾਰਤ ’ਚ ਹਥਕੜੀਆਂ ਅਤੇ ਬੇੜੀਆਂ ਲਗਾ ਕੇ ਨਹੀਂ ਲਿਆਂਦਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਵਲੋਂ ਜਾਰੀ ਕੀਤੀ ਗਈ ਵੀਡੀਉ ਕਿਸੇ ‘ਫ਼ਿਲਮ ਦੀ’ ਹੈ ਅਤੇ ਅਸਲੀ ਨਹੀਂ।

ਉਨ੍ਹਾਂ ਕਿਹਾ ਕਿ ਇਹ ਜੋ ਲੋਕ ਅਮਰੀਕਾ ਤੋਂ ਵਾਪਸ ਆ ਰਹੇ ਹਨ ਉਹ ਕਈ ਮਹੀਨੇ ਪਹਿਲਾਂ ਭਾਰਤ ਤੋਂ ਚੱਲੇ ਹਨ, ਅਤੇ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਅਮਰੀਕ ’ਚ ਸਰਕਾਰ ਬਦਲ ਗਈ ਹੈ ਅਤੇ ਉਥੋਂ ਦੇ ਹਾਲਾਤ ਕੀ ਹਨ। ਉਨ੍ਹਾਂ ਕਿਹਾ, ‘‘ਜਿਨ੍ਹਾਂ ਪੰਜਾਬ ਦੇ ਟਰੈਵਲ ਏਜੰਟਾਂ ਨੇ ਲੋਕਾਂ ਨੂੰ ਅਮਰੀਕਾ ਘੱਲਿਆ ਹੈ ਉਹ ਇਨ੍ਹਾਂ ਨੌਜਵਾਨਾਂ ਤਕ ਸੰਦੇਸ਼ ਘੱਲਣ ਕਿ ਹੁਣ ਪਹਿਲਾਂ ਵਾਂਗ ਉਥੇ ਜਾਣਾ ਸੰਭਵ ਨਹੀਂ ਹੈ। ਪਹਿਲਾਂ ਜਦੋਂ ਜੋਅ ਬਾਈਡਨ ਦੀ ਸਰਕਾਰ ਸੀ ਤਾਂ ਨੌਜਵਾਨ ਅਮਰੀਕੀ ਸਰਹੱਦ ਪਾਰ ਕਰ ਕੇ ਖ਼ੁਦ ਨੂੰ ਅਮਰੀਕੀ ਫ਼ੌਜ ਹਵਾਲੇ ਕਰ ਦਿੰਦੇ ਸਨ ਅਤੇ ਬਾਅਦ ’ਚ ਉਨ੍ਹਾਂ ਦੇ ਵਕੀਲ ਉਨ੍ਹਾਂ ਨੂੰ ਛੁਡਵਾ ਲੈਂਦੇ ਸਨ। ਹੁਣ ਅਜਿਹਾ ਨਹੀਂ ਰਿਹਾ, ਉਥੇ ਸਰਕਾਰ ਬਦਲ ਗਈ ਹੈ ਅਤੇ ਡੋਨਾਲਡ ਟਰੰਪ ਰਾਸ਼ਟਰਪਤੀ ਹਨ। ਪਰ ਕਈ ਮਹੀਨੇ ਪਹਿਲਾਂ ਤੁਰੇ ਲੋਕਾਂ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਹੈ, ਜਿਸ ਕਾਰਨ ਉਹ ਖ਼ੁਦ ਨੂੰ ਅਮਰੀਕੀ ਫ਼ੌਜੀਆਂ ਹਵਾਲੇ ਕਰ ਰਹੇ ਹਨ ਅਤੇ ਵਾਪਸ ਭੇਜੇ ਜਾ ਰਹੇ ਹਨ। ਜੇਕਰ ਇਨ੍ਹਾਂ ਲੋਕਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਵਾਲੇ ਟਰੈਵਲ ਏਜੰਟਾਂ ਨੂੰ ਮਾੜੀ-ਮੋਟੀ ਵੀ ਸ਼ਰਮ ਹੈ ਤਾਂ ਉਹ ਨੌਜਵਾਨਾਂ ਨੂੰ ਅਮਰੀਕਾ ਦੀ ਸਰਹੱਦ ਟੱਪਣ ਤੋਂ ਰੋਕਣ ਅਤੇ ਜੇ ਹੋ ਸਕੇ ਤਾਂ ਕਿਸੇ ਹੋਰ ਦੇਸ਼ ਭੇਜਣ ਜੋ ਉਨ੍ਹਾਂ ਨੂੰ ਰੱਖ ਸਕਦਾ ਹੈ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ, ‘‘ਇਕ ਸਮਾਂ ਸੀ ਜਦੋਂ ਮੁੱਖ ਮੰਤਰੀ ਕਹਿੰਦੇ ਸਨ ਕਿ ਉਹ ਪੰਜਾਬ ਨੂੰ ਇਸ ਤਰ੍ਹਾਂ ਦਾ ਬਣਾ ਦੇਣਗੇ ਕਿ ਗੋਰੇ ਇਥੇ ਆ ਕੇ ਰਹਿਣਗੇ, ਪਰ ਹੁਣ ਉਹ ਕਿਸ ਮੂੰਹ ਨਾਲ ਇਥੇ ਗੁਰੂ ਦੀ ਧਰਤੀ ’ਤੇ ਆ ਕੇ ਬੋਲ ਰਹੇ ਹਨ? ਉਨ੍ਹਾਂ ਨੂੰ ਤਾਂ ਤੁਰਤ ਅਸਤੀਫ਼ਾ ਦੇਣਾ ਚਾਹੀਦਾ ਹੈ।’’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਗਵੰਤ ਸਿੰਘ ਮਾਨ ਜਦੋਂ ਕਲਾਕਾਰੀ ਦੇ ਪੇਸ਼ੇ ’ਚ ਤਾਂ ਖ਼ੁਦ ਲੋਕਾਂ ਨੂੰ ਕਬੂਤਰਬਾਜ਼ੀ ਰਾਹੀਂ ਵਿਦੇਸ਼ ਲੈ ਕੇ ਜਾਂਦੇ ਰਹੇ ਹਨ ਅਤੇ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਬੰਦੇ ਨੂੰ ਲੋਕਾਂ ਦੇ ਵਾਪਸ ਆਉਣ ਦਾ ਕੀ ਦੁੱਖ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਾਪਸ ਆਉਣ ਵਾਲੇ ਹਰ ਪੰਜਾਬੀ ਨੂੰ ਸਰਕਾਰ ਨੌਕਰੀ ਅਤੇ ਜਿੰਨੇ ਵੀ ਉਨ੍ਹਾਂ ਦੇ ਪੈਸੇ ਲੁੱਟੇ ਗਏ ਹਨ, ਉਹ ਵਾਪਸ ਕਰਨੇ ਚਾਹੀਦੇ ਹਨ।