ਹੁਣ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ.ਵੀ.ਆਈ.ਪੀ ਨਾਲ ਨਹੀਂ ਖਿਚਵਾਉਣਗੇ ਤਸਵੀਰਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਸ਼ਲ ਮੀਡੀਆ ’ਤੇ ਆਏ ਵੱਖ-ਵੱਖ ਪ੍ਰਤੀਕਰਮਾਂ ਤੋਂ ਬਾਅਦ ਡੇਰੇ ਨੇ ਲਿਆ ਫ਼ੈਸਲਾ

Now Dera Beas chief Gurinder Singh Dhillon will not have his pictures taken with VVIP

ਅੰਮ੍ਰਿਤਸਰ : ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਦੇ ਮੁਤਾਬਕ ਹੁਣ ਭਵਿੱਖ 'ਚ ਕਿਸੇ ਵੀ. ਵੀ. ਆਈ. ਪੀ. ਜਾਂ ਸਿਆਸੀ ਸ਼ਖ਼ਸੀਅਤ ਨਾਲ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀਆਂ ਤਸਵੀਰਾਂ ਜਨਤਕ ਤੌਰ 'ਤੇ ਨਹੀਂ ਖਿਚਵਾਈਆਂ ਜਾਣਗੀਆਂ। ਸੰਸਥਾ ਨਾਲ ਜੁੜੇ ਸਰੋਤਾਂ ਮੁਤਾਬਕ ਇਹ ਕਦਮ ਡੇਰੇ ਦੀ ਪਰੰਪਰਾ ਅਤੇ ਸਾਦਗੀ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਪ੍ਰਬੰਧਕਾਂ ਦਾ ਮੰਨਣਾ ਹੈ ਕਿ ਸਤਿਸੰਗ ਦਾ ਕੇਂਦਰ ਸਿਰਫ ਆਤਮਿਕ ਉੱਨਤੀ ਅਤੇ ਸਿਮਰਨ ਹੋਣਾ ਚਾਹੀਦਾ ਹੈ, ਨਾ ਕਿ ਪ੍ਰਸਿੱਧ ਹਸਤੀਆਂ ਨਾਲ ਫੋਟੋਆਂ ਦਾ ਪ੍ਰਚਾਰ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਇਨ੍ਹਾਂ 'ਚ ਉਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਲ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ, ਜਿਸ ਤੋਂ ਬਾਅਦ ਡੇਰੇ ਵਲੋਂ ਉਕਤ ਫ਼ੈਸਲਾ ਲਿਆ ਗਿਆ।