ਗੁਰਦਾਸਪੁਰ(ਨਿਤਿਨ ਲੂਥਰਾ) ਗੁਰਦਾਸਪੁਰ ਦੇ ਪਿੰਡ ਸੋਹਲ ਨੇੜੇ ਇਕ ਤੇਜ ਰਫ਼ਤਾਰ ਪ੍ਰਾਈਵੇਟ ਬਸ ਨੇ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇਨ੍ਹੀ ਜਬਰਦਸਤ ਸੀ ਕਿ ਦੋਨੋਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ ਇਸ ਹਾਦਸੇ ਵਿੱਚ ਟ੍ਰੈਕਟਰ ਚਾਲਕ ਜੰਗ ਬਹਾਦਰ ਦੀ ਮੌਕੇ ਤੇ ਹੀ ਮੌਤ ਹੋ ਗਈ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾਂ ਵਾਹਨਾਂ ਨੂੰ ਕਬਜੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਜੰਗ ਬਹਾਦਰ ਸਵੇਰੇ ਪੰਜ ਵਜੇ ਗੁਰਦਾਸਪੁਰ ਤੋਂ ਗੰਨਾ ਲੈ ਕੇ ਬਟਾਲਾ ਵੱਲ ਨੂੰ ਜਾ ਰਿਹਾ ਸੀ ਜਦ ਉਹ ਪਿੰਡ ਸੋਹਲ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆਈ ਇਕ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਟਰਾਲੀ ਪਲਟ ਗਈ ਅਤੇ ਟ੍ਰੈਕਟਰ ਚਾਲਕ ਜੰਗ ਬਹਾਦਰ ਟ੍ਰੈਕਟਰ ਦੇ ਹੇਠਾਂ ਆ ਗਿਆ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਬੱਸ ਚਾਲਕ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੋਹਲ ਨੇੜੇ ਬੱਸ ਅਤੇ ਟਰੈਕਟਰ ਟਰਾਲੀ ਦੀ ਟੱਕਰ ਹੋਈ ਹੈ ਜਿਸ ਵਿਚ ਟਰੈਕਟਰ ਚਾਲਕ ਦੀ ਮੌਤ ਹੋ ਗਈ ਹੈ ਉਨ੍ਹਾਂ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਦੋਨਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬੱਸ ਦਾ ਡਰਾਈਵਰ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਬਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਡਰਾਈਵਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।