21 ਮਾਰਚ ਨੂੰ ਕਿਸਾਨ ਮਹਾਂ ਸੰਮੇਲਨ ਰਾਹੀਂ ਕਿਸਾਨਾਂ ਦੀ ਆਵਾਜ਼ ਕੀਤੀ ਜਾਵੇਗੀ ਬੁਲੰਦ: ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਲਈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪਹੁੰਚੇ ਹੋਏ ਹਨ।  

BHAGWANT MANN

ਮੋਗਾ- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਧਰਨਾ ਦੇ ਰਹੇ ਕਿਸਾਨਾਂ ਨੂੰ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ ’ਤੇ ਹੁਣ ਮਹਾਂ ਪੰਚਾਇਤਾਂ ਦਾ ਸਿਲਸਲਾ ਜਾਰੀ ਹੈ। ਇਸ ਲੜੀ ਤਹਿਤ ਮੋਗਾ ਵਿਚ ਵੀ ਕਿਸਾਨ ਮਹਾਂ ਪੰਚਾਇਤ 21 ਮਾਰਚ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਿਸਾਨ ਮਹਾਂ ਪੰਚਾਇਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੰਬੋਧਨ ਕਰਨਗੇ। ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਲਈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪਹੁੰਚੇ ਹੋਏ ਹਨ।  

ਮੋਗਾ ਦੇ ਕਸਬਾ ਬਾਘਾਪੁਰਾਣਾ ਵਿੱਚ ਕਿਸਾਨ ਮਹਾਂ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੀਆ ਤਿਆਰੀਆਂ ਲਈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਮੋਗਾ ਦੇ ਪਿੰਡ ਬੁੱਟਰ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚੇ । ਇਸ ਜਨ ਸਭਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਤੇ ਨੌਜਵਾਨ ਸ਼ਾਮਲ ਹੋਏ। 

ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਚਾਹ ਵੇਚਦੇ ਸਨ, ਹੁਣ ਦੇਸ਼ ਵੇਚ ਰਿਹਾ ਹੈ। ਉਨ੍ਹਾਂ ਨੇ ਵੱਡੀਆਂ ਸਰਕਾਰੀ ਕੰਪਨੀਆਂ ਨੂੰ ਵੇਚ ਦਿੱਤਾ। ਹੁਣ ਤਾਂ ਖੇਤੀਬਾੜੀ ਬਚੀ ਸੀ ਜੋ ਉਹ ਹੁਣ ਵੇਚਣ ਦੀ ਤਲਾਸ਼ ਵਿੱਚ ਹਨ। ਦੇਸ਼ ਦੀਆਂ ਸਰਕਾਰੀ ਚੀਜ਼ਾਂ ਖਰੀਦਣ ਵਾਲੇ ਕਾਰਪੋਰੇਟ ਘਰਾਣੇ ਆਮ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ।  ਹੁਣ ਉਹ ਸਰਕਾਰ ਦੇ ਨਾਲ-ਨਾਲ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਤਿਆਰੀ ਕਰ ਰਹੇ ਹਨ।

ਹੁਣ ਕਿਸਾਨ ਅੰਦੋਲਨ ਨੂੰ ਮਜ਼ਬੂਤ ​​ਕਰਨ ਲਈ 21 ਮਾਰਚ ਨੂੰ ਬਾਘਾਪੁਰਾਣਾ ਕਿਸਾਨ ਮਹਾਂ ਸੰਮੇਲਨ ਰਾਹੀਂ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਮੋਦੀ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਲਈ ਮਜਬੂਰ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 21 ਮਾਰਚ ਨੂੰ ਹੋਣ ਵਾਲੇ ਕਿਸਾਨ ਮਹਾਂ ਸੰਮੇਲਨ ਵਿਚ ਵੱਡੀ ਗਿਣਤੀ ਵਿਚ ਆਉਣ।