ਇਨਕਲਾਬੀ ਰੰਗ 'ਚ ਰੰਗੀ ਪਿੰਡ ਅਸੀਰ ਵਾਸੀਆਂ ਦੀ ਸ਼ਾਮ
ਇਨਕਲਾਬੀ ਰੰਗ 'ਚ ਰੰਗੀ ਪਿੰਡ ਅਸੀਰ ਵਾਸੀਆਂ ਦੀ ਸ਼ਾਮ
ਦਸਤਕ ਕਲਾ ਮੰਚ ਵਲੋਂ ਖੇਡੇ ਨਾਟਕ 'ਮੈਂ ਭਗਤ ਸਿੰਘ ਬੋਲਦਾਂ' ਤੇ 'ਇਨਕਲਾਬ ਜ਼ਿੰਦਾਬਾਦ'
ਕਾਲਾਂਵਾਲੀ, 14 ਮਾਰਚ (ਸੁਰਿੰਦਰ ਪਾਲ ਸਿੰਘ): ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਆਉਣ ਵਾਲੇ 91ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਅਸੀਰ (ਸਿਰਸਾ) ਵਿਖੇ ਇਨਕਲਾਬੀ ਨਾਟਕਾਂ ਅਤੇ ਗੀਤਾਂ ਦਾ ਆਯੋਜਨ ਕੀਤਾ ਗਿਆ | ਦਸਤਕ ਮੰਚ ਵੱਲੋਂ ਨਾਟਕ ਇਨਕਲਾਬ ਜਿੰਦਾਬਾਦ ਅਤੇ ਮੈਂ ਭਗਤ ਸਿੰਘ ਬੋਲਦਾ ਹਾਂ ਸਮੇਤ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ |
ਪਿੰਡ ਅਸੀਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਨੌਜਵਾਨ ਭਾਰਤ ਸਭਾਂ ਦੇ ਬੁਲਾਰੇ ਕੁਲਵਿੰਦਰ ਰੋੜੀ ਨੇ ਕਿਹਾ ਕਿ ਕੌਮਾਂ ਉੱਚੇ ਮੀਨਾਰਾਂ ਸਦਕਾ ਨਹੀਂ ਸਗੋਂ ਉੱਚੇ ਕਿਰਦਾਰਾਂ ਸਦਕਾ ਉੱਚੀਆਂ ਉੱਠਦੀਆਂ ਹਨ | ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਤੋਂ ਅਜ਼ਾਦੀ ਸਮੇਂ ਬਾਰ ਬਾਰ ਮੁਆਫੀ ਮੰਗਣ ਵਾਲੇ ਫਿਰਕੂ ਲੋਕਾਂ ਨੇ ਭਗਤ ਸਿੰਘ,ਸੁਖਦੇਵ ਅਤੇ ਰਾਜਗੁਰੂ ਦੇ ਬਾਗੀ ਲਹੂ ਨਾਲ਼ ਸਿੰਜੀ ਇਸ ਸ਼ਾਨਾਮੱਤੀ ਤਹਿਰੀਕ ਤੇ ਪਾਣੀ ਫੇਰ ਦਿੱਤਾ | ਨੌਜਵਾਨ ਭਾਰਤ ਸਭਾ ਦੇ ਆਗੂ ਕਾ:ਪਾਵੇਲ ਨੇ ਕਿਹਾ ਕਿ ਸਾਡੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਮਤਲਬ ਉਨ੍ਹਾਂ ਵੱਲੋਂ ਦਿੱਤੇ ਗਏ ਸੁਨੇਹੇ ਨੂੰ ਆਪਣੇ ਦਿਲਾਂ 'ਚ ਸਾਂਭਕੇ ਉਨ੍ਹਾਂ ਦੀਆਂ ਪੈੜਾਂ 'ਤੇ ਤੁਰਨਾ ਹੈ ਅਤੇ ਉਨ੍ਹਾਂ ਵੱਲੋਂ ਵੇਖੇ ਗਏ ਸੁਫਨਿਆਂ ਨੂੰ ਪੂਰਾ ਕਰਨਾ ਹੈ | ਦਸਤਕ ਮੰਚ ਦੇ ਬੁਲਾਰੇ ਬੀਬਾ ਕਲਪਨਾ ਦਾ ਕਹਿਣਾ ਸੀ ਕਿ ਅੱਜ ਦੇ ਭਾਰਤ ਨੂੰ ਸਿਆਸੀ ਅਤੇ ਸਮਾਜਿਕ ਇਨਕਲਾਬੀਆਂ ਦੀ ਫੌਰੀ ਲੋੜ ਹੈ ਅਤੇ ਇਸ ਕਾਰਜ ਦਾ ਮੁੱਢ ਇਸ ਸਦੀ ਦੇ ਸ਼ੁਰੂ 'ਚ ਬੰਨਿ੍ਹਆ ਗਿਆ ਸੀ | ਹੁਣ ਇਸ ਮੁਕਾਮ 'ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਭਾਰਤ ਦੇ ਨੌਜਵਾਨਾਂ ਦੇ ਮੋਢਿਆਂ 'ਤੇ ਆ ਪਈ ਹੈ | ਬੀਬਾ ਕਲਪਨਾ ਨੇ ਕਿਹਾ ਕਿ ਮੈਨੂੰ ਆਸ ਹੈ ਭਾਰਤ ਦੀ ਨੌਜਵਾਨੀ ਸ਼ਹੀਦ ਭਗਤ ਸਿੰਘ ਦੇ ਪਾਏ ਪੂਰਨਿਆਂ ਤੇ ਤੁਰੇਗੀ ਅਤੇ ਇਨਕਲਾਬ-ਜਿੰਦਾਬਾਦ ਤੇ ਨਾਅਰੇ ਲਾਉਂਦਿਆਂ ਕੋਈ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟੇਗੀ |
ਦਸਤਕ ਮੰਚ ਦੀ ਇਸ ਟੀਮ ਵਲੋ ਖੇਡੇ ਗਏ ਨਾਟਕਾਂ ਵਿਚ ਮੈਂ ਭਗਤ ਸਿੰਘ ਬੋਲਦਾਂ ਅਤੇ ਇਨਕਲਾਬ ਜਿੰਦਾਬਾਦ ਨੇ ਦਰਸ਼ਕਾਂ 'ਚ ਵਿਸੇਸ਼ ਜੋਸ਼ ਭਰਿਆ | ਦਸਤਕ ਕਲਾ ਮੰਚ ਦੀ ਟੀਮ ਵਿਚ ਕਲਾਕਾਰਾਂ ਵਿਚ ਸੂਰਜ, ਗੁਰਪ੍ਰੀਤ, ਨਵਜੋਤ, ਅਮਨਦੀਪ ਅਤੇ ਬੀਬਾ ਕਲਪਣਾ ਸ਼ਾਮਲ ਸਨ | ਇਸ ਮੰਚ ਤੋਂ ਅਧਿਆਪਕ ਹਰਗੋਬਿੰਦ ਸਿੰਘ ਦੇਸੂ ਨੇ ਵੀ ਕ੍ਰਾਂਤੀਕਾਰੀ ਗੀਤ ਪੇਸ਼ ਕੀਤੇ | ਪਿੰਡ ਅਸੀਰ ਦੇ ਨੌਜਵਾਨ ਮਨਦੀਪ ਸਿੰਘ, ਬਲਕਰਨ ਸਿੰਘ, ਮੇਵਾ ਸਿੰਘ ਅਤੇ ਕਿਸਾਨ ਮਹਾਂ ਸਿੰਘ ਅਤੇ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਸਾਡਾ ਪਿੰਡ ਅਸੀਰ ਇਨ੍ਹਾਂ ਨੌਜਵਾਨਾਂ ਦੇ ਉਦਮ ਤੋ ਵਿਸੇਸ਼ ਤੌਰ ਤੇ ਪ੍ਰਭਾਵਿਤ ਹੋਇਆ ਹੈ |
ਤਸਵੀਰ-