ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਵਾਰੀ
ਇਸ ਦਾ ਕਸੂਰ ਇਹ ਸੀ ਕਿ ਇਸ ਨੇ ਸਾਡੇ ਗਰੁੱਪ ਨਾਲ ਧੋਖਾ ਕਰਦੇ ਹੋਏ ਆਪਣਾ ਕੰਮ ਕਢਵਾ ਕੇ ਪਹਿਲਾਂ ਲਾਰਾ ਲਗਾ ਕੇ ਰੱਖਿਆ ਤੇ ਫ਼ਿਰ ਵਿਦੇਸ਼ ਭੱਜ ਗਿਆ
ਚੰਡੀਗੜ੍ਹ: ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿਚ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਲਾਰੈਂਸ ਬਿਸ਼ਨੋਈ ਗਰੁੱਪ ਨੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਮੇਵਾਰੀ ਲਈ ਹੈ। ਲਾਰੈਂਸ ਬਿਸ਼ਨੋਈ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਲਿਖਿਆ ਸੰਦੀਪ ਨੰਗਲ ਅੰਬੀਆਂ ਨੂੰ ਨਰਕ ਵੱਲ ਅਸੀਂ ਹੀ ਭੇਜਿਆ ਹੈ ਤੇ ਇਸ ਦਾ ਕਸੂਰ ਇਹ ਸੀ ਕਿ ਇਸ ਨੇ ਸਾਡੇ ਗਰੁੱਪ ਨਾਲ ਧੋਖਾ ਕਰਦੇ ਹੋਏ ਆਪਣਾ ਕੰਮ ਕਢਵਾ ਕੇ ਪਹਿਲਾਂ ਲਾਰਾ ਲਗਾ ਕੇ ਰੱਖਿਆ ਤੇ ਫ਼ਿਰ ਵਿਦੇਸ਼ ਭੱਜ ਗਿਆ, ਅਸੀਂ ਇਸ ਨੂੰ ਮਾਰਿਆ ਹੈ ਕਿਉਂਕਿ ਇਸ ਦਾ ਮਰਨਾ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਬੀਤੀ ਰਾਤ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਬੱਡੀ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ ਨੇ ਦਸਿਆ ਕਿ ਪਿੰਡ ਮੱਲੀਆਂ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਇਸ ਦੌਰਾਨ ਸੰਦੀਪ ਅਪਣੇ ਕੁੱਝ ਸਾਥੀਆਂ ਨੂੰ ਛੱਡਣ ਲਈ ਬਾਹਰ ਗਿਆ ਜਿਥੇ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਸੰਦੀਪ ’ਤੇ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਕਤ ਖਿਡਾਰੀ ਦਮ ਤੋੜ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।