ਵਿਧਾਇਕ ਹਰਜੋਤ ਬੈਂਸ ਨੇ ਭੇਜੀ PSPCL ਨੂੰ ਚਿੱਠੀ, ਘਰੇਲੂ ਕੁਨੈਕਸ਼ਨ ਨਾ ਕੱਟਣ ਦੀ ਦਿਤੀ ਹਦਾਇਤ
ਕਿਹਾ- 'ਆਪ' ਸਰਕਾਰ ਬਣਨ ਤੋਂ ਬਾਅਦ ਮਾਫ਼ ਕੀਤੇ ਜਾਣਗੇ ਪੁਰਾਣੇ ਘਰੇਲੂ ਬਿਜਲੀ ਦੇ ਬਿੱਲ, ਭਗਵੰਤ ਮਾਨ ਵਲੋਂ ਮੁੱਖ ਮੰਤਰੀ ਅਹੁਦਾ ਸੰਭਾਲਣ ਤੱਕ ਨਾ ਕੱਟੇ ਜਾਣ ਕੁਨੈਕਸ਼ਨ
ਸ੍ਰੀ ਅਨੰਦਪੁਰ ਸਾਹਿਬ : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਤੋਂ ਬਾਅਦ ਹੁਣ ਸਾਰੇ ਵਿਧਾਇਕ ਐਕਸ਼ਨ ਮੋਡ ਵਿਚ ਨਜ਼ਰ ਆ ਰਹੇ ਹਨ। ਸਰਕਾਰੀ ਹਸਪਤਾਲਾਂ , ਥਾਣਿਆਂ ਆਦਿ ਦੇ ਦੌਰੇ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਅਨੁਸ਼ਾਸ਼ਨ ਵਿਚ ਰਹਿ ਕੇ ਕੰਮ ਕਰਨ ਦੇ ਹੁਕਮ ਵੀ ਦਿਤੇ ਗਏ ਹਨ।
ਅਜਿਹਾ ਹੀ ਇੱਕ ਮਾਮਲਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਬਿਜਲੀ ਵਿਭਾਗ ਯਾਨੀ 'ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ' ਨੂੰ ਇੱਕ ਚਿੱਠੀ ਭੇਜੀ ਹੈ ਅਤੇ ਘਰੇਲੂ ਬਿਜਲੀ ਕੁਨੈਕਸ਼ਨ ਨਾ ਕੱਟਣ ਦੀ ਹਦਾਇਤ ਦਿਤੀ ਹੈ।
ਵਿਧਾਇਕ ਨੇ ਚਿੱਠੀ ਵਿਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਪੁਰਾਣੇ ਘਰੇਲੂ ਬਿਜਲੀ ਦੇ ਬਿੱਲ ਮਾਫ਼ ਕੀਤੇ ਜਾਣਗੇ ਅਤੇ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਅਹੁਦਾ ਸੰਭਾਲਣ ਤੱਕ ਘਰੇਲੂ ਬਿਜਲੀ ਦੇ ਕੁਨੈਕਸ਼ਨ ਨਾ ਕੱਟੇ ਜਾਣ। ਉਨ੍ਹਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਅਹੁਦਾ ਸੰਭਾਲਣ ਮਗਰੋਂ ਨਵੇਂ ਹੁਕਮ ਜਾਰੀ ਕਰਨਗੇ, ਉਦੋਂ ਤੱਕ ਕੋਈ ਵੀ ਕੁਨੈਕਸ਼ਨ ਨਾ ਕੱਟਿਆ ਜਾਵੇ।
ਦੱਸ ਦੇਈਏ ਕਿ ਕੱਲ ਨੂੰ ਯਾਨੀ 16 ਮਾਰਚ ਨੂੰ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕਣ ਜਾ ਰਹੇ ਹਨ ਜਿਸ ਦਾ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰੱਖਿਆ ਗਿਆ ਹੈ।