ਲੁਧਿਆਣਾ ’ਚ ਬਣਿਆ ਦੁਨੀਆਂ ਦਾ ਸਭ ਤੋਂ ਵੱਡਾ ਸੋਲਰ ਟ੍ਰੀ, ਰੋਜ਼ਾਨਾ ਪੈਦਾ ਕਰ ਸਕਦਾ ਹੈ 200 ਯੂਨਿਟ ਬਿਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਨਾਲ ਹਰ ਸਾਲ ਕਰੀਬ 60 ਹਜ਼ਾਰ ਯੂਨਿਟ ਕਲੀਨ ਐਂਡ ਗਰੀਨ ਐਨਰਜੀ ਪੈਦਾ ਕੀਤੀ ਜਾ ਸਕਦੀ ਹੈ। ਇਸ ਨੂੰ ਇਕ ਰੁੱਖ ਵਾਂਗ ਡਿਜ਼ਾਇਨ ਕੀਤਾ ਗਿਆ ਹੈ

The world's largest solar tree built in Ludhiana

 

ਲੁਧਿਆਣਾ (ਪਪ) : ਕਾਊਂਸਲ ਆਫ਼ ਸਾਇੰਟਿਫ਼ਿਕ ਐਂਡ ਇੰਡਸਟਰੀਅਲ ਰਿਸਰਚ, ਸੈਂਟਰਲ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ  ਅਤੇ ਸੈਂਟਰ ਆਫ਼ ਐਕਸੀਲੈਂਸ ਫ਼ਾਰ ਫ਼ਾਰਮ ਮਸ਼ੀਨਰੀ, ਗਿੱਲ ਰੋਡ, ਨੇ 309.83 ਵਰਗ ਮੀਟਰ ਦੇ ਖੇਤਰ ਨੂੰ ਕਵਰ ਕਰਨ ਵਾਲਾ ਇਕ ਸੋਲਰ ਟ੍ਰੀ ਵਿਕਸਿਤ ਕੀਤਾ ਹੈ। ਇਨ੍ਹਾਂ ਸੰਸਥਾਵਾਂ ਦਾ ਦਾਅਵਾ ਹੈ ਕਿ ਇਹ ਦੁਨੀਆਂ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਸੋਲਰ ਟ੍ਰੀ ਹੈ। ਇਸ ਨਾਲ ਹਰ ਸਾਲ ਕਰੀਬ 60 ਹਜ਼ਾਰ ਯੂਨਿਟ ਕਲੀਨ ਐਂਡ ਗਰੀਨ ਐਨਰਜੀ ਪੈਦਾ ਕੀਤੀ ਜਾ ਸਕਦੀ ਹੈ। ਇਸ ਨੂੰ ਇਕ ਰੁੱਖ ਵਾਂਗ ਡਿਜ਼ਾਇਨ ਕੀਤਾ ਗਿਆ ਹੈ ਤਾਂ ਜੋ ਇਸ ਦੇ ਹਰੇਕ ਸੋਲਰ ਫੋਟੋਵੋਲਟੇਇਕ (ਪੀਵੀ) ਪੈਨਲ ਨੂੰ ਵੱਧ ਤੋਂ ਵੱਧ ਸੂਰਜ ਦੀ ਰੌਸ਼ਨੀ ਮਿਲੇ।

The world's largest solar tree built in Ludhiana

ਇਸ ਨੂੰ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਅਸ਼ਵਨੀ ਕੁਮਾਰ ਕੁਸ਼ਵਾਹਾ, ਡਾ. ਮਲਾਇਆ ਕਰਮਾਕਰ ਤੇ ਪ੍ਰਿੰਸੀਪਲ ਸਾਇੰਟਿਸਟ ਐਚਪੀ ਇਕਕੁਰਤੀ ਦੀ ਅਗਵਾਈ ’ਚ ਪ੍ਰੋਫ਼ੈਸਰ ਹਰੀਸ਼ ਹਿਰਾਨੀ, ਡਾਇਰੈਕਟਰ, ਸੀਐਸਆਈਆਰ, ਸੀਐਮਈਆਰਆਈ ਦੁਰਗਾਪੁਰ ਦੀ ਟੀਮ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਸੂਰਜੀ ਰੁੱਖ ਨੂੰ 21 ਜਨਵਰੀ 2022 ਨੂੰ ਗਿਨੀਜ਼ ਬੁੱਕ ਆਫ਼ ਵਰਲਡ ਰੀਕਾਰਡ ’ਚ ਵੀ ਸ਼ਾਮਲ ਕੀਤਾ ਗਿਆ ਹੈ। ਪ੍ਰੋਫ਼ੈਸਰ ਹਰੀਸ਼ ਹਿਰਾਨੀ ਨੇ ਦਸਿਆ ਕਿ ਇਸ ਸੋਲਰ ਟ੍ਰੀ ਨੂੰ ਤਿਆਰ ਕਰਨ ’ਚ ਉਨ੍ਹਾਂ ਨੂੰ 9 ਮਹੀਨੇ ਲੱਗੇ। ਇਸ ਦੀ ਸਮਰੱਥਾ 53.7 ਕਿਲੋਵਾਟ ਹੈ ਯਾਨੀ ਪ੍ਰਤੀ ਦਿਨ ਲਗਪਗ 160-200 ਯੂਨਿਟ ਤੇ ਇਕ ਸਾਲ ’ਚ ਲਗਪਗ 60 ਹਜ਼ਾਰ ਯੂਨਿਟ ਹਰੀ ਊਰਜਾ ਪੈਦਾ ਕੀਤੀ ਜਾ ਸਕਦੀ ਹੈ।

The world's largest solar tree built in Ludhiana

ਉਨ੍ਹਾਂ ਦਸਿਆ ਕਿ ਇਸ ਨੂੰ ਅਪਣੀ ਲੋੜ ਅਨੁਸਾਰ ਸੈੱਟ ਕੀਤਾ ਜਾ ਸਕਦਾ ਹੈ। ਇਸ ਦੀ ਉਚਾਈ ਏਨੀ ਹੈ ਕਿ ਹੇਠਾਂ ਫ਼ਸਲ ਬੀਜੀ ਜਾ ਸਕਦੀ ਹੈ। ਸੋਲਰ ਟ੍ਰੀ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣ ’ਚ ਮਦਦਗਾਰ ਹੋਵੇਗਾ। ਇਸ ਸੋਲਰ ਟ੍ਰੀ ਦੀ ਸੱਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਉਨ੍ਹਾਂ ਥਾਵਾਂ ਦੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ ਜਿਥੇ ਅਜੇ ਵੀ ਬਿਜਲੀ ਨਹੀਂ ਹੈ।

The world's largest solar tree built in Ludhiana

ਪ੍ਰੋਫ਼ੈਸਰ ਹਰੀਸ਼ ਹਿਰਾਨੀ ਦਾ ਕਹਿਣਾ ਹੈ ਕਿ ਇਸ ਦੀ ਬਣਤਰ ਸਟੀਲ ਤੋਂ ਬਣਾਈ ਗਈ ਹੈ। ਸੋਲਰ ਟ੍ਰੀ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ। ਇਸ ਨਾਲ ਬਿਜਲੀ ਦੀ ਬੱਚਤ ਹੋਵੇਗੀ। ਇਸ ਦੇ ਹੇਠਾਂ ਕੋਲਡ ਸਟੋਰ ਬਣਾਇਆ ਜਾ ਸਕਦਾ ਹੈ। ਸੋਲਰ ਐਗਰੀਕਲਚਰ ਪੰਪ ਲਗਾਇਆ ਜਾ ਸਕਦਾ ਹੈ।