ਜਾਅਲੀ ਕਰੰਸੀ ਬਣਾਉਣ ਵਾਲਾ ਗਿਰੋਹ ਚੜ੍ਹਿਆ ਖੰਨਾ ਪੁਲਿਸ ਅੜਿੱਕੇ
ਮੁਲਜ਼ਮਾਂ ਖ਼ਿਲਾਫ਼ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ
ਖੰਨਾ : ਪੁਲਿਸ ਨੇ ਨਕਲੀ ਨੋਟ ਤਿਆਰ ਕਰਕੇ ਬਾਜ਼ਾਰਾਂ ਚ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਇਸ ਗਿਰੋਹ ਦੇ 4 ਮੈਂਬਰ ਕਾਬੂ ਕੀਤੇ ਗਏ। ਇਹਨਾਂ ਕੋਲੋਂ 1 ਲੱਖ 19 ਹਜ਼ਾਰ 500 ਰੁਪਏ ਦੀ ਜਾਅਲੀ ਨਕਦੀ ਬਰਾਮਦ ਹੋਈ ਹੈ। ਇਹ ਕਰੰਸੀ ਉੱਤਰ ਪ੍ਰਦੇਸ਼ ’ਚ ਤਿਆਰ ਕੀਤੀ ਜਾਂਦੀ ਹੈ। ਇਸ ਬਾਰੇ ਐਸਐਸਪੀ ਅਮਨੀਤ ਕੋਂਡਾਲ ਨੇ ਜਾਣਕਾਰੀ ਦਿੱਤੀ ਹੈ।
ਐਸਐਸਪੀ ਅਮਨੀਤ ਕੋਂਡਾਲ ਨੇ ਦੱਸਿਆ ਕਿ ਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਟੀਮ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ। ਅਮਲੋਹ ਚੌਂਕ ਨੇੜੇ ਨਾਕਾਬੰਦੀ ਦੌਰਾਨ ਚਾਰ ਵਿਅਕਤੀਆਂ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਇਹ ਵਿਅਕਤੀ ਹਰਿਆਣਾ ਨੰਬਰ ਕਾਰ ’ਚ ਮਿਲਟਰੀ ਗਰਾਉਂਡ ਨੇੜੇ ਬੈਠੇ ਸਨ।
ਇਹਨਾਂ ਕੋਲੋਂ 500 ਰੁਪਏ ਦੇ 227 ਨੋਟ ਅਤੇ 20 ਰੁਪਏ ਦੇ 300 ਨੋਟ ਬਰਾਮਦ ਹੋਏ। ਕਾਬੂ ਕੀਤੇ 4 ਵਿਅਕਤੀਆਂ ’ਚੋਂ ਤਿੰਨ ਹਰਿਆਣਾ ਦੇ ਵਸਨੀਕ ਹਨ ਅਤੇ ਇੱਕ ਖੰਨਾ ਦਾ ਰਹਿਣ ਵਾਲਾ ਹੈ। ਹਰਿਆਣਾ ਦੇ ਕਰਨਾਲ ਵਾਸੀ ਨਰੇਸ਼ ਕੁਮਾਰ ਰਾਜ ਖਿਲਾਫ ਕਤਲ ਦਾ ਕੇਸ ਦਰਜ ਹੈ। ਪਾਣੀਪਤ ਵਾਸੀ ਕੁਲਦੀਪ ਖਿਲਾਫ ਚੋਰੀ ਅਤੇ ਧੋਖਾਧੜੀ ਦੇ ਮੁਕੱਦਮੇ ਦਰਜ ਹਨ। ਨਿਰਪਾਲ ਸਿੰਘ ਹੈਪੀ ਜੋਕਿ ਖੰਨਾ ਦਾ ਰਹਿਣ ਵਾਲਾ ਹੈ ਸੰਨ 2014 ਚ ਲਿਬਨਾਨ ਵਿਖੇ ਓਵਰਸਟੇਅ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਿੰਨ ਸਾਲ ਜੇਲ੍ਹ ਰਹਿਣ ਮਗਰੋਂ ਭਾਰਤ ਆਇਆ ਸੀ। ਇੱਥੇ ਆ ਕੇ ਉਹ ਫੇਸਬੁੱਕ ਰਾਹੀਂ ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦੇ ਸੰਪਰਕ ’ਚ ਆ ਗਿਆ।
ਪੁਲਿਸ ਨੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿਛ ਕੀਤੀ ਜਾਵੇਗੀ।