ਬੱਚਾ ਅਗ਼ਵਾ ਕੇਸ ’ਚ ਮਾਰੇ ਗਏ ਨੌਜਵਾਨ ਜਸਪ੍ਰੀਤ ਸਿੰਘ ਦਾ ਪਰਿਵਾਰ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਨੂੰ ਨਹੀਂ ਪਤਾ ਜਸਪ੍ਰੀਤ ਕਦੋਂ ਕੈਨੇਡਾ ਤੋਂ ਵਾਪਸ ਆਇਆ ਤੇ ਇਹ ਕਦਮ ਕਿਉਂ ਚੁੱਕਿਆ : ਪਰਿਵਾਰ

Family of Jaspreet Singh, a youth killed in a child kidnapping case, comes forward

ਪਿਛਲੇ ਦਿਨੀ ਖੰਨਾ ਦੇ ਮਲੌਦ ਦੇ ਸੀਹਾਂ ਦੌਦ ਪਿੰਡ ਤੋਂ 6 ਸਾਲਾ ਬੱਚਾ ਭਾਵਕੀਰਤ ਸਿੰਘ ਅਗ਼ਵਾ ਕੀਤਾ ਗਿਆ ਸੀ ਤੇ ਬਾਅਦ ਵਿਚ ਜਿਸ ਪੁਲਿਸ ਵਲੋਂ ਬਰਾਮਦ ਕਰ ਲਿਆ ਸੀ। ਬੱਚਾ ਪਟਿਆਲਾ ਦੇ ਪਿੰਡ ਰੱਖੜਾ ਨੇੜੇ ਬਰਾਮਦ ਹੋਇਆ ਸੀ। ਪੁਲਿਸ ਨੇ ਅਗ਼ਵਾਕਾਰਾਂ ਦਾ ਐਨਕਾਊਂਟਰ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਇਕ ਅਗ਼ਵਾਕਾਰ ਜਸਪ੍ਰੀਤ ਸਿੰਘ ਨੂੰ ਮੌਤ ਦੇ ਘਾਟ  ਉਤਾਰ ਦਿਤਾ ਸੀ। 

ਦੱਸ ਦੇਈਏ ਕਿ ਬੀਤੇ ਦਿਨੀ ਸੱਤ ਸਾਲਾ ਬੱਚੇ ਭਵਕੀਰਤ ਸਿੰਘ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਅਗ਼ਵਾ ਕਰ ਲਿਆ ਗਿਆ ਸੀ। ਅਗ਼ਵਾਕਾਰ ਬੱਚੇ ਨੂੰ ਘਰ ਵਿੱਚ ਖੇਡਦੇ ਸਮੇਂ ਚੁੱਕ ਕੇ ਲੈ ਗਏ ਸਨ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਪੁਲਿਸ ਵਲੋਂ ਦੋ ਦੋਸ਼ੀਆਂ ਜਿਨ੍ਹਾਂ ਦੀ ਪਛਾਣ ਅਮਰਗੜ੍ਹ ਦੇ ਪਿੰਡ ਬਾਠਨ ਦੇ ਹਰਪ੍ਰੀਤ ਸਿੰਘ (24) ਤੇ ਅਮਰਗੜ੍ਹ ਦੇ ਪਿੰਡ ਜਾਗੋਵਾਲ ਦੇ ਰਵੀ ਭਿੰਡਰ (21) ਵਜੋਂ ਹੋਈ ਸੀ,

ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਉਨ੍ਹਾਂ ਦਾ ਸਾਥੀ ਜਸਪ੍ਰੀਤ ਸਿੰਘ ਵਾਸੀ ਪਿੰਡ ਸੀਹਾਂ ਦੌਦ, ਜੋ ਪੁਲਿਸ ’ਤੇ ਖੁੱਲ੍ਹੇਆਮ ਗੋਲੀਆਂ ਚਲਾ ਕੇ ਆਪਣੀ ਫਾਰਚੂਨਰ ਐਸਯੂਵੀ ’ਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਨਾਭਾ ਰੋਡ ’ਤੇ ਪਿੰਡ ਮੰਡੌਰ ਵਿਖੇ ਜਵਾਬੀ ਪੁਲਿਸ ਕਾਰਵਾਈ ਵਿਚ ਮਾਰਿਆ ਗਿਆ ਸੀ। ਜਸਪ੍ਰੀਤ ਸਿੰਘ ਦੇ ਘਰ ਰੋਜ਼ਾਨਾ ਸਪੋਸਕਮੈਨ ਦੀ ਟੀਮ ਪਹੁੰਚੀ।

ਜਿਥੇ ਜਸਪ੍ਰੀਤ ਸਿੰਘ ਦੇ ਦਾਦਾ ਜੀ ਨੇ ਦਸਿਆ ਕਿ ਸਾਨੂੰ ਨਹੀਂ ਪਤਾ ਕਿ ਜਸਪ੍ਰੀਤ ਕਦੋਂ ਕੈਨੇਡਾ ਤੋਂ ਵਾਪਸ ਆਇਆ, ਨਾ ਸਾਨੂੰ ਉਸ ਦੇ ਆਉਣ ਦਾ ਪਤਾ, ਨਾ ਉਹ ਸਾਨੂੰ ਮਿਲਿਆ ਤੇ ਨਾ ਹੀ ਅਸੀਂ ਉਸ ਦੀ ਸ਼ਕਲ ਦੇਖੀ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਿਸ ਨੇ ਉਸ ਨੂੰ ਭਾਰਤ ਬੁਲਾਇਆ ਤੇ ਕੀ ਕਰਵਾਇਆ। ਸਾਨੂੰ ਤਾਂ ਉਦੋਂ ਵੀ ਪਤਾ ਨਹੀਂ  ਸੀ ਜਦੋਂ ਪਿੰਡ ਵਿਚ ਕਹਿ ਰਹੇ ਸਨ ਕਿ ਪੁਲਿਸ ਨੇ ਜਸਪ੍ਰੀਤ ਨਾਮ ਦੇ ਨੌਜਵਾਨ ਐਨਕਾਊਂਟਰ ਕਰ ਦਿਤਾ ਹੈ

ਤੇ ਅਸੀਂ ਕਿਹਾ ਕਿ ਸਾਡਾ ਮੁੰਡਾ ਦਾ ਵਿਦੇਸ਼ ਗਿਆ ਹੋਇਆ ਹੈ। ਜਸਪ੍ਰੀਤ ਸਿੰਘ 2 ਤੋਂ 3 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ ਤੇ ਬਹੁਤ ਹੀ ਸਾਊ, ਸਮਝਦਾਰ ਤੇ ਗੁਰਬਾਣੀ ਪੜ੍ਹਨ ਵਾਲਾ ਨੌਜਵਾਨ ਸੀ। ਦਾਦਾ ਜੀ ਨੇ ਕਿਹਾ ਕਿ ਸਾਡੇ ਬੱਚੇ ਨੂੰ ਪਿੰਡ ਵਿਚ ਕੋਈ ਇਕ ਵਿਅਕਤੀ ਵੀ ਕਹਿ ਦੇਵੇ ਕਿ ਜਸਪ੍ਰੀਤ ਗ਼ਲਤ ਕੰਮ ਕਰਦਾ ਸੀ ਤਾਂ ਮੈਂ ਆਪਣੀ ਗਰਦਨ ਕਟਵਾ ਦੇਵਾਂਗਾ। ਭਵਕੀਰਤ ਸਿੰਘ ਦੇ ਪਰਿਵਾਰ ਨਾਲ ਤਾਂ ਸਾਡਾ ਬਹੁਤ ਪਿਆਰ ਹੈ,

ਦੋਵੇਂ ਪਰਿਵਾਰ ਮਿਲਜੁਲ ਕੇ ਰਹਿੰਦੇ ਹਨ। 10 ਅਕਤੂਬਰ 2025 ਨੂੰ ਜਸਪ੍ਰੀਤ ਦਾ ਵਿਆਹ ਹੋਣਾ ਸੀ। ਸਾਨੂੰ ਜੇ ਫਿਰੌਤੀ ਦਾ ਪਤਾ ਹੁੰਦਾ ਤਾਂ ਅਸੀਂ ਆਪਣੇ ਕੋਲੋਂ ਹੀ ਪੈਸੇ ਦੇ ਦਿੰਦੇ। ਸਾਨੂੰ ਤਾਂ ਪਤਾ ਹੀ ਨਹੀਂ ਕਿ ਜਸਪ੍ਰੀਤ ਨੇ ਇਹ ਕਦਮ ਕਿਉਂ ਤੇ ਕਿਸ ਦੇ ਕਹਿਣ ’ਤੇ ਚੁੱਕਿਆ ਸੀ, ਸਾਡੇ ਕੋਲ ਤਾਂ ਪਰਮਾਤਮਾ ਦਾ ਸਭ ਕੁੱਝ ਦਿਤਾ ਹੋਇਆ ਹੈ। ਜਸਪ੍ਰੀਤ ਦੇ ਪਰਿਵਾਰ ਵਿਚ  ਮਾਤਾ-ਪਿਤਾ, ਦਾਦਾ ਤੇ ਵੱਡੀ ਭੈਣ ਜੋ ਵਿਆਹੀ ਹੋਈ ਹੈ।

ਹੁਣ ਇਸ ਮਾਮਲੇ ਵਿਚ ਅੱਗੇ ਜਾ ਕੇ ਪਤਾ ਲੱਗੇਗਾ ਕਿ ਜਸਪ੍ਰੀਤ ਸਿੰਘ ਕਿਸ ਦੇ ਕਹਿਣ ਉਤੇ ਵਿਦੇਸ਼ੋਂ ਪਰਤਿਆ ਤੇ ਕਿਸ ਦੇ ਕਹਿਣ ’ਤੇ ਉਸ ਨੇ ਇਹ ਕਦਮ ਚੁੱਕਿਆ।