ਫਗਵਾੜਾ 'ਚ ਜਾਤ ਆਧਾਰਤ ਹਿੰਸਾ, ਚਾਰ ਜ਼ਿਲ੍ਹਿਆਂ 'ਚ ਇੰਟਰਨੈਟ ਬੰਦ
ਫਗਵਾੜਾ 'ਚ ਇਕ ਚੌਕ ਦਾ ਨਾਂ ਬਦਲਣ ਅਤੇ ਬੋਰਡ ਲਾਉਣ ਦੇ ਮਾਮਲੇ 'ਚ ਦਲਿਤ ਕਾਰਕੁਨਾਂ ਅਤੇ ਕਥਿਤ ਹਿੰਦੂ ਜਥੇਬੰਦੀਆਂ ਵਿਚਕਾਰ ਕਲ ਰਾਤ ਝੜਪ ਹੋ ਗਈ ਸੀ।
ਫਗਵਾੜਾ 'ਚ ਦੋ ਹਿੰਦੂਵਾਦੀ ਜਥੇਬੰਦੀਆਂ ਅਤੇ ਇਕ ਦਲਿਤ ਜਥੇਬੰਦੀ ਵਿਚਕਾਰ ਝੜਪ ਹੋਣ ਮਗਰੋਂ ਪੰਜਾਬ ਦੇ ਚਾਰ ਜ਼ਿਲ੍ਹਿਆਂ 'ਚ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾ ਮੁਅੱਤਲ ਕਰ ਦਿਤੀ ਗਈ। ਇਸ ਝੜਪ 'ਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਨੇ ਦਸਿਆ ਕਿ ਫਗਵਾੜਾ 'ਚ ਇਕ ਚੌਕ ਦਾ ਨਾਂ ਬਦਲਣ ਅਤੇ ਬੋਰਡ ਲਾਉਣ ਦੇ ਮਾਮਲੇ 'ਚ ਦਲਿਤ ਕਾਰਕੁਨਾਂ ਅਤੇ ਕਥਿਤ ਹਿੰਦੂ ਜਥੇਬੰਦੀਆਂ ਵਿਚਕਾਰ ਕਲ ਰਾਤ ਝੜਪ ਹੋ ਗਈ ਸੀ। ਪੰਜਾਬ ਦੇ ਗ੍ਰਹਿ ਵਿਭਾਗ ਦੇ ਸਕੱਤਰ ਵਲੋਂ ਜਾਰੀ ਹੁਕਮ 'ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਝੜਪ ਵਿਚਕਾਰ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ 'ਚ ਤੁਰਤ ਅਸਰ ਨਾਲ 24 ਘੰਟਿਆਂ ਲਈ ਇੰਟਰਨੈੱਟ ਸੇਵਾ ਅਤੇ ਐਸ.ਅੇਮÊਐਸ. ਸੇਵਾ ਮੁਅੱਤਲ ਕਰ ਦਿਤੀ ਹੈ।ਪੁਲਿਸ ਨੇ ਕਿਹਾ ਕਿ ਦੋ ਧਿਰਾਂ ਵਿਚਕਾਰ ਇਹ ਘਟਨਾ ਉਸ ਵੇਲੇ ਹੋਈ ਜਦੋਂ ਇਕ ਧਿਰ ਦੇ ਲੋਕਾਂ ਨੇ ਕਥਿਤ ਤੌਰ 'ਤੇ ਬੀ.ਆਰ. ਅੰਬੇਦਕਰ ਦੀ ਤਸਵੀਰ ਵਾਲਾ ਇਕ ਬੋਰਡ ਨੈਸ਼ਨਲ ਹਾਈਵੇ-1 ਦੇ 'ਗੋਲ ਚੌਕ' 'ਤੇ ਲਾ ਦਿਤਾ। ਇਸ ਚੌਕ ਦਾ ਨਾਂ 'ਸੰਵਿਧਾਨ ਚੌਕ' ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ।ਪੁਲਿਸ ਨੇ ਕਿਹਾ ਕਿ ਇਸ 'ਤੇ ਦੂਜੀ ਧਿਰ ਵਲੋਂ ਇਤਰਾਜ਼ ਪ੍ਰਗਟਾਏ ਜਾਣ ਮਗਰੋਂ ਦੋਹਾਂ ਧਿਰਾਂ ਵਿਚਕਾਰ ਝੜੱਪ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਵਲੋਂ ਇਕ-ਦੂਜੇ 'ਤੇ ਪੱਥਰਬਾਜ਼ੀ ਕੀਤੇ ਜਾਣ ਨਾਲ ਕਈ ਗੱਡੀਆਂ ਨੂੰ ਵੀ ਨੁਕਸਾਨ ਪੁੱਜਾ। ਜ਼ਖ਼ਮੀ ਹੋਣ ਵਾਲਿਆਂ 'ਚ 'ਸ਼ਿਵ ਸੈਨਾ ਬਾਲ ਠਾਕਰੇ' ਦੇ ਮੀਤ ਪ੍ਰਧਾਨ ਇੰਦਰਜੀਤ ਕਰਵਾਲ ਦਾ ਪੁੱਤਰ ਜਿੰਮੀ ਸ਼ਾਮਲ ਹੈ। ਪੰਜਾਬ ਸ਼ਿਵ ਸੈਨਾ ਮੀਤ ਪ੍ਰਧਾਨ ਰਾਜੇਸ਼ ਪਲਟਾ ਨੂੰ ਵੀ ਦੂਜੀ ਧਿਰ ਦੇ ਲੋਕਾਂ ਨੇ ਕਥਿਤ ਤੌਰ 'ਤੇ ਕੁਟਿਆ। ਪੁਲਿਸ ਨੇ ਕਿਹਾ ਕਿ ਝੜੱਪ ਦੌਰਾਨ ਗੋਲੀ ਵੀ ਚੱਲੀ। ਬਾਅਦ 'ਚ ਪੁਲਿਸ ਨੇ ਸਥਿਤੀ ਨੂੰ ਕਾਬੂ 'ਚ ਕਰ ਲਿਆ। ਪੁਲਿਸ ਨੇ 32 ਜਣਿਆਂ ਦੇ ਨਾਵਾਂ ਸਮੇਤ 150 ਜਣਿਆਂ ਵਿਰੁਧ ਮਾਮਲਾ ਦਰਜ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕਰਨ ਦੇ ਨਾਲ ਹੀ ਕਾਨੂੰਨ-ਵਿਵਸਥਾ ਨਾਲ ਖੇਡਣ ਵਾਲੇ ਲੋਕਾਂ ਵਿਰੁਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿਤੀ। ਉਨ੍ਹਾਂ ਕਿਹਾ ਕਿ ਘਟਨਾ 'ਚ ਜ਼ਖ਼ਮੀ ਸਾਰਿਆਂ ਦੇ ਇਲਾਜ ਦਾ ਖ਼ਰਚਾ ਸਰਕਾਰ ਕਰੇਗੀ।
ਇਸ ਘਟਨਾ ਨੂੰ ਲੈ ਕੇ ਅੱਜ ਸਾਰਾ ਦਿਨ ਇਲਾਕੇ 'ਚ ਤਣਾਅ ਪਸਰਿਆ ਰਿਹਾ ਅਤੇ ਕਈ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ। ਲਗਭਗ 700 ਸੁਰੱਖਿਆ ਬਲਾਂ ਨੇ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਭਰਨ ਲਈ ਅੱਜ ਫ਼ਲੈਗ ਮਾਰਚ ਕੀਤਾ। ਪਾਬੰਦੀ ਦੇ ਹੁਕਮਾਂ 'ਚ ਕਿਹਾ ਗਿਆ ਹੈ ਕਿ ਝੜੱਪ ਤੋਂ ਬਾਅਦ ਵਿਗੜਦੀ ਕਾਨੂੰਨ ਵਿਵਸਥਾ ਨੂੰ ਧਿਆਨ 'ਚ ਰਖਦਿਆਂ ਸ਼ਰਾਰਤੀ ਤੱਤਾਂ ਅਤੇ ਦੇਸ਼ ਵਿਰੋਧੀ ਤੱਤਾਂ ਵਲੋਂ ਤਣਾਅ, ਲੋਕਾਂ ਦੀ ਜਾਨ ਨੂੰ ਖ਼ਤਰਾ ਹੋਣ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ। ਸੂਬਾ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਤਣਾਅ ਨੂੰ ਵੇਖਦਿਆਂ ਅਪਣੀ ਫ਼ਗਵਾੜਾ ਯਾਤਰਾ ਰੱਦ ਕਰ ਦਿਤੀ।ਮੌਕੇ 'ਤੇ ਕਪੂਰਥਲਾ ਡੀਸੀ ਮੁਹੰਮਦ ਤਾਈਬ, ਐਸਐਸਪੀ ਸਨਦੀਪ ਸ਼ਰਮਾ ਅਤੇ ਆਈ ਜੀ ਨੌਨਿਹਾਲ ਸਿੰਘ ਨੇ ਪੁੱਜ ਕੇ ਸਧਿਤੀ ਦਾ ਜਾਇਜ਼ਾ ਲਿਈ। ਅੱਜ ਸਥਿਤੀ ਨੂੰ ਵੇਖਦਿਆਂ ਪ੍ਰਸ਼ਾਸ਼ਨ ਦੀ ਮੰਗ ਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਹੈ ਪਰ ਦੋਵਾਂ ਵਰਗਾਂ ਦੇ ਲੋਕ ਸਵੇਰ ਤੋਂ ਅਪਣੇ-ਅਪਣੇ ਧਾਰਮਕ ਸਥਾਨਾਂ 'ਤੇ ਇਕੱਤਰ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੋਹਾਂ ਵਰਗਾਂ ਨਾਲ ਗੱਲਬਾਤ ਕਰ ਕੇ ਸਥਿਤੀ ਨੂੰ ਸ਼ਾਂਤ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ। ਦੇਰ ਸ਼ਾਮ ਇਹ ਵੀ ਜਾਣਕਾਰੀ ਮਿਲੀ ਕਿ ਦੋਵਾਂ ਵਰਗਾਂ ਦੇ ਲੋਕ ਅਪਣੇ-ਅਪਣੇ ਘਰਾਂ ਨੂੰ ਚਲੇ ਗਏ। (ਪੀਟੀਆਈ)