2 ਸਾਲਾ ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਕਾਬੂ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੀ ਪੁਲਿਸ ਨੇ ਇਕ ਮਹੀਨਾ ਪਹਿਲਾਂ 2 ਸਾਲ ਦੀ ਅਗਵਾ ਹੋਈ ਬੱਚੀ ਨੂੰ ਲੱਭ ਲਿਆ ਹੈ।

Lady arrested

ਅੰਮ੍ਰਿਤਸਰ ਦੀ ਪੁਲਿਸ ਨੇ ਇਕ ਮਹੀਨਾ ਪਹਿਲਾਂ 2 ਸਾਲ ਦੀ ਅਗਵਾ ਹੋਈ ਬੱਚੀ ਨੂੰ ਲੱਭ ਲਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐੱਸ.ਐੱਸ ਵਾਸਤਵ ਅਤੇ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ ਦੀਆਂ ਹਦਾਇਤਾਂ ‘ਤੇ ਥਾਣਾ ਮੁਖੀ ਸੁਖਜਿੰਦਰ ਸਿੰਘ ਦੀ ਯੋਗ ਅਗਵਾਈ ਸਮੇਤ ਪੁਲਿਸ ਪਾਰਟੀ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਵਿਚ ਸਫ਼ਲਤਾ ਮਿਲੀ ਹੈ। ਪੁਲਿਸ ਨੂੰ ਇਕ ਮਹੀਨਾ ਪਹਿਲਾਂ 2 ਸਾਲ ਦੀ ਬੱਚੀ ਅਗਵਾ ਹੋਣ ਦੀ ਖ਼ਬਰ ਮਿਲੀ ਸੀ। ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਨੇ ਪੁਲਿਸ ਕੋਲ ਆਪਣੀ ਬੱਚੀ ਅਗਵਾ ਹੋਣ ਦੀ ਸ਼ਿਕਾਇਤ ਦਰਜ਼ ਕਰਵਾਈ ਸੀ।

ਇਹ ਪਰਿਵਾਰ ਅੰਮ੍ਰਿਤਸਰ ਦੇ ਫਤਿਹ ਸਿੰਘ ਕਾਲੋਨੀ ਵਿਚ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਬੱਚੀ ਦੀ ਭਾਲ ਸ਼ੁਰੂ ਕਰ ਦਿਤੀ ਸੀ। ਬੱਚੀ ਦਾ ਨਾਂਅ ਅਨੂ ਸੀ। ਉਸਨੂੰ ਲੱਭਣ ਦੇ ਲਈ ਪੁਲਿਸ ਵਲੋਂ ਖ਼ੁਫ਼ੀਆ ਸੋਰਸ ਲਗਾਏ ਗਏ ਸਨ। ਪੁਲਿਸ ਵਲੋਂ ਬੱਚੀ ਨੂੰ ਲੱਭਣ ਲਈ ਲਗਾਤਾਰ ਕੀਤੀ ਭਾਲ ਤੋਂ ਬਾਅਦ ਆਖ਼ਰ ਪੁਲਿਸ ਨੇ ਬੱਚੀ ਨੂੰ ਲੱਭ ਹੀ ਲਿਆ। ਪੁਲਿਸ ਨੇ ਪਰਮਜੀਤ ਕੌਰ ਉਰਫ਼ ਕੋਮਲ ਨੂੰ ਬੱਚੀ ਸਮੇਤ ਚੀਲ ਮੰਡੀ ਗਰੋਵਰ ਹਸਪਤਾਲ ਦੇ ਨੇੜੇ ਘੁੰਮ ਰਹੀ ਨੂੰ ਕਾਬੂ ਕੀਤਾ ਹੈ। ਪਰਮਜੀਤ ਕੌਰ ਉਰਫ਼ ਕੋਮਲ ਨੂੰ ਗ੍ਰਿਫ਼ਤਾਰ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੋਸ਼ੀ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਬੱਚੀ ਨੂੰ ਅਗਵਾ ਕਰਨ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।ਇਸ ਨੇ ਪਹਿਲਾਂ ਕੋਈ ਅਜਿਹੀ ਵਾਰਦਾਤ ਤਾਂ ਨਹੀਂ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਬੱਚੀ ਨੂੰ ਮਾਪਿਆਂ ਦੇ ਹਵਾਲੇ ਕਰ ਦਿਤਾ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਪਰਮਜੀਤ ਕੌਰ ਉਰਫ਼ ਕੋਮਲ ਕੋਲੋ ਕਈ ਹੋਰ ਸੁਰਾਗ ਮਿਲਣ ਦੀ ਸੰਭਾਵਨਾ ਹੈ।

ਜਿਸ ਦੀ ਨਿਸ਼ਾਨਦੇਹੀ ‘ਤੇ ਪੁਲਿਸ ਕਿਸੇ ਵੱਡੇ ਗਰੋਹ ਦਾ ਪਰਦਾਫਾਸ਼ ਕਰ ਸਕਦੀ ਹੈ। ਪੁਲਿਸ ਇਹ ਵੀ ਜਾਣਕਾਰੀ ਲੱਭਣ ‘ਚ ਜੁਟੀ ਹੋਈ ਹੈ ਕਿ ਇਸ ਮਾਮਲੇ ‘ਚ ਉਸ ਦੇ ਨਾਲ ਹੋਰ ਕੌਣ ਕੌਣ ਸ਼ਾਮਲ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਮਜੀਤ ਕੌਰ ਉਰਫ਼ ਕੋਮਲ ਨੂੰ ਅਦਾਲਤ ‘ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲਿਆ ਜਾਵੇਗਾ।