ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਕੋਈ ਵੱਡੀ ਗੱਲ ਨਹੀਂ - ਦੀਪਕ ਸ਼ਰਮਾ
ਸਟੇਟ ਬੈਂਕ ਆਫ਼ ਇੰਡੀਆ ਫੈਡਰੇਸ਼ਨ ਦੇ ਮੈਂਬਰਾਂ ਵਲੋਂ ਅੱਜ ਪਟਿਆਲਾ ਵਿਚ ਇਕ ਪ੍ਰੈਸ ਵਾਰਤਾ ਆਯੋਜਿਤ ਕੀਤੀ ਗਈ।
ਪਟਿਆਲਾ (ਹਰਵਿੰਦਰ ਸਿੰਘ ਕੁੱਕੂ) : ਸਟੇਟ ਬੈਂਕ ਆਫ਼ ਇੰਡੀਆ ਫੈਡਰੇਸ਼ਨ ਦੇ ਮੈਂਬਰਾਂ ਵਲੋਂ ਅੱਜ ਪਟਿਆਲਾ ਵਿਚ ਇਕ ਪ੍ਰੈਸ ਵਾਰਤਾ ਆਯੋਜਿਤ ਕੀਤੀ ਗਈ। ਜਿਸ ਵਿਚ ਚੰਡੀਗੜ੍ਹ ਸਰਕਲ ਤੋਂ ਆਏ ਜਰਨਲ ਸਕੱਤਰ ਦੀਪਕ ਸ਼ਰਮਾ ਨੇ ਕੇਂਦਰ ਸਰਕਾਰ ਵਲੋਂ ਨੋਟਬੰਦੀ ਦੇ ਫੈਸਲੇ ਨੂੰ ਗ਼ਲਤ ਕਰਾਰ ਦਿਤਾ ਅਤੇ ਇਸਦਾ ਸਾਰਿਆਂ ਨਾਲੋਂ ਜ਼ਿਆਦਾ ਨੁਕਸਾਨ ਬੈਂਕਾਂ ਦੇ ਕਰਮਚਾਰੀਆਂ ਨੂੰ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਰਾਜਨੀਤਕ ਅਤੇ ਉਦਯੋਗਿਕ ਇਕਾਈਆਂ ਆਪਸੀ ਗਠਜੋੜ ਕਰਕੇ ਵੱਡੇ-ਵੱਡੇ ਲੋਨ ਤਾਂ ਲੈ ਲੈਂਦੇ ਹਨ ਪਰ ਉਸਦਾ ਖਾਮਿਆਜ਼ਾ ਬੈਂਕਾਂ ਨੂੰ ਭੁਗਤਣਾ ਪੈਂਦਾ ਹੈ।
ਇਸ ਮੌਕੇ ਉਤੇ ਦੀਪਕ ਸ਼ਰਮਾ ਨੇ ਰੋਜ਼ਾਨਾ ਕਿਸਾਨਾਂ ਵਲੋਂ ਕੀਤੀ ਜਾ ਰਹੀ ਖ਼ੁਦਕੁਸ਼ੀ ਉਤੇ ਬੋਲਦੇ ਹੋਏ ਕਿਹਾ ਕਿ ਸਰਕਾਰ ਗਰੀਬ ਕਿਸਾਨਾਂ ਦੇ ਕਰਜ਼ ਮੁਆਫ਼ ਕਰ ਸਕਦੀ ਹੈ ਇਸ ਵਿਚ ਕੋਈ ਵੱਡੀ ਗੱਲ ਨਹੀਂ, ਕਿਉਂਕਿ ਕਿਸਾਨਾਂ ਦੇ ਲੋਨ ਦੂਸਰੇ ਉਦਯੋਗਿਕ ਖੇਤਰਾਂ ਵਿਚ ਦਿਤੇ ਲੋਨਾਂ ਤੋਂ ਬਹੁਤ ਘੱਟ ਹਨ। ਜੇਕਰ ਸਰਕਾਰ ਉਦਯੋਗਿਕ ਖੇਤਰ ਵਿਚ ਹੇਅਰ ਕੱਟ ਦੇ ਨਾਮ ਉਤੇ ਕਰੋੜਾਂ ਰੁਪਏ ਦੇ ਲੋਨ ਮੁਆਫ਼ ਕਰ ਸਕਦੀ ਹੈ ਤਾਂ ਇਹ ਕਰਜ਼ ਬਹੁਤ ਅਰਾਮ ਨਾਲ ਮੁਆਫ਼ ਕੀਤੇ ਜਾ ਸਕਦੇ ਹਨ।
ਦੀਪਕ ਸ਼ਰਮਾ ਨੇ ਕਿਹਾ ਕਿ ਜੇਕਰ ਗੱਲ ਕਰੀਏ ਬੈਂਕਾਂ ਦੇ ਲੋਨ ਦੀ ਤਾਂ ਸਿਰਫ ਦੇਸ਼ ਦੇ 50 ਪਰਿਵਾਰ ਹਨ ਜਿਨ੍ਹਾਂ ਕੋਲ ਬੈਂਕਾਂ ਦਾ 80 ਪ੍ਰਤੀਸ਼ਤ ਲੋਨ ਹੈ ਅਤੇ ਦੂਸਰੇ ਪਾਸੇ ਆਮ ਇਨਸਾਨ ਪਰ ਸਰਕਾਰ ਹਮੇਸ਼ਾ ਹੀ ਉਦਯੋਗਿਕ ਇਕਾਈਆਂ ਦਾ ਸਮਰਥਨ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਕਿਸਾਨ ਕਰਜ਼ ਨਾ ਦੇਵੇ ਤਾਂ ਬੈਂਕ ਉਨ੍ਹਾਂ ਦੀ ਫੋਟੋ ਜਨਤਕ ਕਰਦੇ ਹਨ ਅਤੇ ਜੇਕਰ ਇਕ ਉਦਯੋਗਪਤੀ ਨਾ ਦੇਵੇ ਤਾਂ ਉਸਦੀ ਕੋਈ ਫੋਟੋ ਵੀ ਨਹੀਂ ਲਗਾਉਂਦੇ ਇਥੋਂ ਤਕ ਕਿ ਉਸਦਾ ਨਾਮ ਵੀ ਨਹੀਂ ਦੱਸਿਆ ਜਾਂਦਾ।
ਇਸਦੇ ਨਾਲ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 28 ਲੋਕਾਂ ਦੇ ਨਾਮ ਜਨਤਕ ਕਰਨ ਦੇ ਲਈ ਸਰਕਾਰ ਨੂੰ ਕਿਹਾ ਸੀ ਪਰ ਸਰਕਾਰ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਮ ਨਹੀਂ ਉਜਾਗਰ ਕਰ ਸਕਦੇ, ਇਸ ਤਰ੍ਹਾਂ ਦੀ ਦੋਹਰੀ ਪ੍ਰਣਾਲੀ ਸਾਡੇ ਦੇਸ਼ ਵਿਚ ਹੁੰਦੀ ਹੈ ਜੋ ਗ਼ਲਤ ਹੈ।