ਲੁਧਿਆਣਾ ਤੋਂ ਬਾਅਦ ਅਧਿਆਪਕਾਂ ਵਲੋਂ ਪਟਿਆਲਾ 'ਚ ਜ਼ਬਰਦਸਤ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ

Teacher Protest In Patiala

ਪਟਿਆਲਾ (ਹਰਵਿੰਦਰ ਸਿੰਘ ਕੁੱਕੂ) : ਪੰਜਾਬ ਦੇ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਟਿਆਲਾ ਦੇ ਪਿੰਡ ਜੱਸੋਵਾਲ ਦੇ ਗਰਾਂਉਡ ਵਿਚ ਵੱਡੀ ਗਿਣਤੀ 'ਚ ਸੂਬੇ ਭਰ ਤੋਂ ਅਧਿਆਪਕ ਪਿੰਡ ਜੱਸੋਵਾਲ 'ਚ ਇਕੱਠੇ ਹੋਏ। ਅਧਿਆਪਕ ਆਪਣੀਆਂ ਮੰਗਾਂ ਕੈਪਟਨ ਸਰਕਾਰ ਤੱਕ ਪਹੁੰਚਾਉਣ ਲਈ ਅੱਜ ਇਕੱਤਰ ਹੋਏ ਹਨ। ਉਨ੍ਹਾਂ ਆਪਣੀਆਂ ਮੰਗਾਂ 'ਚ ਕਿਹਾ ਕਿ ਅਧਿਆਪਕਾਂ 'ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ। ਸਕੂਲਾਂ ਦੇ ਰਲੇਵੇਂ ਕੀਤੇ ਜਾਣ ਦੇ ਫੈਸਲੇ ਨੂੰ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਰੈਗੂਲਰ ਕਰਨ ਤੇ ਤਨਖਾਹਾਂ ਪੂਰੀਆਂ ਦਿਤੇ ਜਾਣ ਦੀ ਮੰਗ ਵੀ ਕੀਤੀ ਜਾ ਰਹੀ ਹੈ। 

ਅਧਿਆਪਕਾਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਉਨ੍ਹਾਂ ਦੀ ਮੰਗਾਂ ਨਹੀਂ ਮੰਨਦੀ ਉਦੋਂ ਤਕ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ। ਇਸੀ ਲਈ ਉਹ ਅੱਜ ਪਟਿਆਲਾ ਆਪਣੀ ਮੰਗਾਂ ਦੀ ਅਵਾਜ਼ ਸਰਕਾਰ ਤੱਕ ਪਹੁੰਚਾਉਣ ਦੇ ਲਈ ਇਕੱਠੇ ਹੋਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਦੋਂ ਉਨ੍ਹਾਂ ਨੂੰ ਰੱਖਿਆ ਸੀ ਤਾਂ ਉਨ੍ਹਾਂ ਨੂੰ ਪੱਕਾ ਕਰਨ ਦੀ ਗੱਲ ਕਹੀ ਸੀ ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ।  

ਇਸਦੇ ਨਾਲ ਹੀ ਦੁਬਾਰਾ ਤੋਂ ਲੁਧਿਆਣਾ ਵਾਲੀ ਸਥਿਤੀ ਨਾ ਬਣੇ ਇਸੇ ਲਈ ਪਟਿਆਲਾ ਪ੍ਰਸ਼ਾਸ਼ਨ ਵਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਕਲ ਪਟਿਆਲਾ ਪ੍ਰਸ਼ਾਸ਼ਨ ਅਤੇ ਟੀਚਰ ਯੂਨੀਅਨ ਵਿਚਕਾਰ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਸ਼ਹਿਰ ਤੋਂ ਬਾਹਰ ਇਨ੍ਹਾਂ ਨੂੰ ਰੈਲੀ ਕਰਨ ਦੀ ਅਨੁਮਤੀ ਦਿੱਤੀ ਗਈ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੁਰਖਿਆ ਦੇ ਪ੍ਰਬੰਧ ਪੂਰੇ ਉਨ੍ਹਾਂ ਵਲੋਂ ਕੀਤੇ ਗਏ ਹਨ।  

ਜ਼ਿਕਰਯੋਗ ਹੈ ਕਿ ਅਧਿਆਪਕਾਂ ਵਲੋਂ ਅਜਿਹਾ ਹੀ ਪ੍ਰਦਰਸ਼ਨ 25 ਮਾਰਚ ਨੂੰ ਲੁਧਿਆਣਾ 'ਚ ਵੀ ਕੀਤਾ ਗਿਆ ਸੀ, ਜਿਸ 'ਚ ਤਕਰੀਬਨ 30 ਹਜ਼ਾਰ ਤੋਂ ਵੱਧ ਅਧਿਆਪਕਾਂ ਨੇ ਸ਼ਿਰਕਤ ਕੀਤੀ ਸੀ ਅਤੇ ਅੱਜ ਇਸ ਤੋਂ ਵੱਡੀ ਗਿਣਤੀ 'ਚ ਅਧਿਆਪਕ ਪਟਿਆਲਾ ਵੱਲ ਕੂਚ ਕਰਨਗੇ।

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪਟਿਆਲਾ 'ਚ ਰੈਲੀ ਦੀ ਇਜਾਜ਼ਤ ਨਹੀਂ ਮਿਲੀ ਸੀ ਪਰ ਬਾਅਦ 'ਚ ਅਧਿਆਪਕਾਂ ਦੇ ਦਬਾਅ 'ਚ ਪ੍ਰਸ਼ਾਸਨ ਨੇ ਜੱਸੋਵਾਲ ਸਟੇਡੀਅਮ ਭਾਦਸੋਂ ਰੋਡ ਪਟਿਆਲਾ 'ਚ ਰੈਲੀ ਦੀ ਮਨਜ਼ੂਰੀ ਦੇ ਦਿਤੀ ਗਈ ਸੀ। ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਧਿਆਪਕ ਇਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ।