ਫ਼ੇਜ਼ 8 ਦਾ ਪੁਰਾਣਾ ਬੱਸ ਅੱਡਾ ਗਮਾਡਾ ਨੇ ਕੀਤਾ ਤਹਿਸ ਨਹਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵੇਰੇ ਕਰੀਬ 6 ਵਜੇ ਭਾਰੀ ਪੁਲਿਸ ਨੂੰ ਲੈ ਕੇ ਦਰਜਨ ਜੇ.ਸੀ.ਬੀ. ਮਸ਼ੀਨਾਂ ਸਮੇਤ ਪੁੱਜੀ ਟੀਮ

Gmada

 ਫ਼ੇਜ਼ 8 ਦੇ ਪੁਰਾਣੇ ਬੱਸ ਅੱਡੇ ਨੂੰ ਅੱਜ ਸਵੇਰੇ ਗਮਾਡਾ ਦੀਆਂ ਇਕ ਦਰਜਨ ਦੇ ਕਰੀਬ ਜੇ.ਸੀ.ਬੀ. ਮਸ਼ੀਨਾਂ ਨੇ ਤਹਿਸ ਨਹਿਸ ਕਰ ਦਿਤਾ। ਖ਼ਬਰ ਲਿਖੇ ਜਾਣ ਤਕ ਇਸ ਬੱਸ ਅੱਡੇ ਦਾ ਵਜੂਦ ਹੀ ਖ਼ਤਮ ਹੋ ਚੁਕਿਆ ਸੀ ਅਤੇ ਗਮਾਡਾ ਦੀ ਟੀਮ ਵਲੋਂ ਬੱਸ ਅੱਡੇ ਵਾਲੀ ਥਾਂ ਦੇ ਆਸ-ਪਾਸ ਥੜੇ ਪੁੱਟ ਕੇ ਉਥੇ ਕੰਡਿਆਲੀ ਤਾਰ ਲਾਉਣ ਦਾ ਕੰਮ ਜਾਰੀ ਸੀ।ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6 ਵਜੇ ਗਮਾਡਾ ਦੀ ਟੀਮ ਇਸ ਬੱਸ ਅੱਡੇ 'ਚ ਪਹੁੰਚੀ। ਇਸ ਟੀਮ ਦੇ ਨਾਲ ਭਾਰੀ ਪੁਲਿਸ ਦਲ ਵੀ ਸੀ। ਟੀਮ ਨਾਲ ਇਕ ਦਰਜਨ ਦੇ ਕਰੀਬ ਜੇ.ਸੀ.ਬੀ. ਮਸ਼ੀਨਾਂ ਵੀ ਸਨ। ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਗਮਾਡਾ ਦੀ ਟੀਮ ਨੇ ਆਉਣ ਸਾਰ ਹੀ ਮਸ਼ੀਨਾਂ ਨਾਲ ਇਕ ਦਮ ਬੱਸ ਅੱਡੇ ਦੀ ਇਮਾਰਤ ਉਪਰ ਹੱਲਾ ਬੋਲ ਦਿਤਾ ਅਤੇ ਕੁੱਝ ਸਮੇਂ ਵਿਚ ਹੀ ਇਸ ਬੱਸ ਅੱਡੇ ਦੇ ਪਲੇਟ ਫ਼ਾਰਮ, ਬਰਾਮਦੇ, ਬੈਂਚ ਆਦਿ ਬੁਰੀ ਤਰ੍ਹਾਂ ਤੋੜ ਦਿਤੇ ਗਏ। ਗਮਾਡਾ ਵਲੋਂ ਜੇ.ਸੀ.ਬੀ. ਮਸ਼ੀਨਾਂ ਨਾਲ ਇਸ ਬੱਸ ਅੱਡੇ ਦਾ ਸਾਰਾ ਪਲੇਟਫ਼ਾਰਮ ਪੁੱਟ ਕੇ ਪੱਧਰਾ ਕਰ ਦਿਤਾ ਗਿਆ ਅਤੇ ਬੱਸਾਂ ਖੜਨ ਵਾਲੇ ਅੱਡੇ ਉਪਰ ਵੀ ਜੇ.ਸੀ.ਬੀ. ਮਸ਼ੀਨ ਰਾਹੀਂ ਟੋਏ ਪੁੱਟ ਦਿਤੇ। ਇਸ ਉਪਰੰਤ ਇਸ ਬੱਸ ਅੱਡੇ ਅੰਦਰ ਬਸਾਂ ਜਾਣ ਤੋਂ ਰੋਕਣ ਲਈ ਜੇ.ਸੀ.ਬੀ. ਮਸ਼ੀਨਾਂ ਨਾਲ ਅੱਡੇ ਦੇ ਆਲੇ-ਦੁਆਲੇ ਦੀ ਜ਼ਮੀਨ ਪੁੱਟ ਦਿਤੀ ਅਤੇ ਅੱਡੇ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਗਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ, ਜੋ ਖ਼ਬਰ ਲਿਖੇ ਜਾਣ ਤਕ ਜਾਰੀ ਸੀ।ਗਮਾਡਾ ਦੀ ਟੀਮ ਨੇ ਇਸ ਮੌਕੇ ਕਿਸੇ ਵੀ ਵਿਅਕਤੀ ਨੂੰ ਨੇੜੇ ਨਹੀਂ ਲੱਗਣ ਦਿਤਾ ਅਤੇ ਅਪਣੀ ਪੂਰੀ ਕਾਰਵਾਈ ਕਰਕੇ ਹੀ ਸਾਹ ਲਿਆ। ਇਸ ਮੌਕੇ ਮੌਜੂਦ ਗਮਾਡਾ ਦੇ ਐਕਸੀਅਨ ਨਵੀਨ ਕੰਬੋਜ ਨੇ ਕਿਹਾ ਕਿ ਇਹ ਕਾਰਵਾਈ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਸ਼ਹਿਰ ਦਾ ਨਵਾਂ ਬੱਸ ਅੱਡਾ ਫੇਜ਼-6 ਵਿਖੇ ਬਣਾਇਆ ਹੈ ਅਤੇ ਇਹ ਥਾਂ ਗਮਾਡਾ ਵਲੋਂ ਕਬਜ਼ੇ ਵਿਚ ਲਈ ਗਈ ਹੈ। ਇਸ ਥਾਂ ਨੂੰ ਗਮਾਡਾ ਵਲੋਂ ਖੁਲ੍ਹੀ ਨੀਲਾਮੀ ਵਿਚ ਵੇਚਣ ਦੀ ਵੀ ਤਜਵੀਜ਼ ਹੈ। ਇਸ ਮੌਕੇ ਪੁਲਿਸ ਦੇ ਸੀਨੀਅਰ ਅਧਿਕਾਰੀ, ਵੱਖ-ਵੱਖ ਥਾਣਿਆਂ ਦੇ ਐਸ.ਐਚ.ਓਜ਼. ਤੇ ਭਾਰੀ ਗਿਣਤੀ ਵਿਚ ਪੁਲਿਸ ਮੁਲਾਜਮ ਮੌਜੂਦ ਸਨ।

ਇਸ ਮੌਕੇ ਕੌਂਸਲਰ ਸਤਵੀਰ ਸਿੰਘ ਧਨੋਆ, ਹਰਮਨਪ੍ਰੀਤ ਸਿੰਘ ਪ੍ਰਿੰਸ, ਜਸਵੀਰ ਕੌਰ ਅਤਲੀ (ਸਾਰੇ ਕੌਂਸਲਰ), ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਕੌਂਸਲਰ ਰਮਨਪ੍ਰੀਤ ਕੌਰ ਦੇ ਪਤੀ ਹਰਮੇਸ਼ ਸਿੰਘ ਨੇ ਗਮਾਡਾ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਧਨੋਆ ਨੇ ਕਿਹਾ ਕਿ ਇਸ ਬੱਸ ਸਟੈਂਡ ਦੀ ਇਮਾਰਤ ਨੂੰ ਢਾਹੁਣ ਤੋਂ ਪਹਿਲਾਂ ਇਸਦਾ ਦੂਸਰਾ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਫੇਜ਼ 6 ਵਿਚ ਸਥਿਤ ਨਵਾਂ ਬੱਸ ਸਟੈਂਡ ਫ਼ੇਜ਼ 7, 8, 9, 10, 11 ਅਤੇ ਸੈਕਟਰ 66, 69 ਤੇ ਹੋਰਨਾਂ ਸੈਕਟਰਾਂ ਨੇ ਵਸਨੀਕਾਂ ਨੂੰ ਬਹੁਤ ਦੂਰ ਪੈਂਦਾ ਹੈ। ਫੇਜ਼ 6 ਦੇ ਨਵੇਂ ਬੱਸ ਸਟੈਂਡ ਉਪਰ ਜਾਣ ਲਈ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਗਮਾਡਾ ਵਲੋਂ ਨਵੇਂ ਬੱਸ ਅੱਡੇ ਨੂੰ ਲਾਭ ਪਹੁੰਚਾਉਣ ਲਈ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਇਲਾਕਿਆਂ ਵਿਚੋਂ ਫੇਜ਼ 6 ਦੇ ਨਵੇਂ ਬੱਸ ਸਟੈਂਡ ਜਾਣ ਲਈ ਆਟੋ ਵਾਲੇ ਵੀ 50 ਰੁਪਏ ਪ੍ਰਤੀ ਸਵਾਰੀ ਤੋਂ ਘੱਟ ਨਹੀਂ ਲੈਂਦੇ ਅਤੇ ਉਸ ਪਾਸੇ ਆਟੋ ਜਾਂਦੇ ਵੀ ਬਹੁਤ ਘੱਟ ਹਨ, ਜਿਸ ਕਰਕੇ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਫੇਜ਼ 8 ਵਿਚ ਹੀ ਗਮਾਡਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਅਤੇ ਫੋਰਟਿਸ ਵਰਗੇ ਮੁੱਖ ਹਸਪਤਾਲ ਹਨ। ਇਨ੍ਹਾਂ ਵਿਚ ਹਰ ਦਿਨ ਹੀ ਸੈਂਕੜੇ ਲੋਕ ਆਪਣੇ ਕੰਮ ਧੰਦੇ ਲਈ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚੋਂ ਆਉਂਦੇ ਹਨ। ਹੁਣ ਇਨ੍ਹਾਂ ਲੋਕਾਂ ਨੂੰ ਪਹਿਲਾਂ ਨਵੇਂ ਬਸ ਸਟੈਂਡ ਜਾਣ ਪਵੇਗਾ ਅਤੇ ਫਿਰ ਉਥੋਂ ਹੀ ਇਹ ਲੋਕ ਫੇਜ਼ 8 ਵਿਚ ਆ ਸਕਣਗੇ। ਇਸ ਤਰ੍ਹਾਂ ਇਹਨਾਂ ਲੋਕਾਂ ਦਾ ਸਮਾਂ ਅਤੇ ਪੈਸਾ ਵੀ ਬਰਬਾਦ ਹੋਵੇਗਾ ਤੇ ਪ੍ਰੇਸ਼ਾਨੀ ਵਧੇਗੀ।ਗਮਾਡਾ ਵਲੋਂ ਬੱਸ ਅੱਡੇ ਦੇ ਖੇਤਰ ਦੀ ਭੰਨ੍ਹ-ਤੋੜ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਸਾਬਕਾ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਮਿਊਂਸਪਲ ਕੌਂਸਲਰ ਨੇ ਕਿਹਾ ਕਿ ਸਰਕਾਰ ਵਲੋਂ ਫ਼ੇਜ਼-6 ਦੇ ਬੱਸ ਅੱਡੇ ਨੂੰ ਫ਼ਾਇਦਾ ਦੇਣ ਲਈ ਕੀਤੀ ਗਈ ਇਹ ਕਾਰਵਾਈ ਸ਼ਹਿਰ ਵਾਸੀਆਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਤਾ ਗਿਆ ਸੀ ਕਿ ਉਹ ਇਸ ਬੱਸ ਅੱਡੇ ਦੀ ਇਮਾਰਤ ਨੂੰ ਬੰਦ ਨਹੀਂ ਹੋਣ ਦੇਣਗੇ ਅਤੇ ਉਨ੍ਹਾਂ ਨੂੰ ਇਸ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।