ਮੁਨੀਸ਼ ਤਿਵਾੜੀ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਕੀਤਾ ਚੋਣ ਪ੍ਰਚਾਰ ਦਾ ਆਗਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਸਾਲ ਦੇਸ਼ ਵਿਚ ਅਣਐਲਾਨੀ ਐਮਰਜੈਂਸੀ ਰਹੀ : ਮੁਨੀਸ਼ ਤਿਵਾੜੀ

Munish Tiwari

ਸ਼੍ਰੀ ਅਨੰਦਪੁਰ ਸਾਹਿਬ : ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮੁਨੀਸ਼ ਤਿਵਾੜੀ ਵਲੋਂ ਅੱਜ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਸ਼ਕਤੀਪੀਠ ਮਾਤਾ ਨੈਣਾ ਦੇਵੀ ਮੱਥਾ ਟੇਕ ਕੇ ਅਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਅਨੰਦਪੁਰ ਸਾਹਿਬ ਅਧੀਨ ਪੈਂਦੇ 9 ਵਿਧਾਨ ਸਭਾ ਦੇ ਨੁਮਾਇੰਦੇ ਹਾਜ਼ਰ ਸਨ ਜਿਨ੍ਹਾਂ ਵਿਚ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਤੋਂ ਵਿਧਾਇਕ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ, ਰੂਪਨਗਰ ਤੋਂ ਬਰਿੰਦਰ ਢਿੱਲੋਂ,

ਖਰੜ ਤੋਂ ਬਲਬੀਰ ਸਿੰਘ ਸਿੱਧੂ ਮੰਤਰੀ ਪੰਜਾਬ ਸਰਕਾਰ, ਲਵ ਕੁਮਾਰ ਗੋਲਡੀ ਸਾਬਕਾ ਵਿਧਾਨ ਗੜਸ਼ੰਕਰ, ਅੰਗਦ ਸਿੰਘ ਵਿਧਾਇਕ ਨਵਾਂ ਸ਼ਹਿਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਜੇ ਟਿੰਕੂ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਤਰਲੋਚਨ ਸਿੰਘ ਸੁੰਢ, ਦਰਸ਼ਨ ਸਿੰਘ ਮੰਗੂਪੁਰ, ਵੀ ਨਾਲ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਮੁਨੀਸ਼ ਤਿਵਾੜੀ ਨੇ ਕਿਹਾ ਕਿ ਉਹ ਅੱਜ ਦੇ ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ 33 ਦਿਨ ਦਾ ਸਮਾਂ ਹੈ ਅਤੇ ਉਹ ਇਨ੍ਹੇ ਸਮੇਂ ਵਿਚ ਸਮੁੱਚਾ ਹਲਕਾ ਘੁੰਮ ਲੈਣਗੇ। ਉਨ੍ਹਾ ਕਿਹਾ ਕਿ ਸਾਡੀ ਜਿੱਤ ਪੱਕੀ ਹੈ ਕਿਉਂਕਿ ਲੋਕ ਮੋਦੀ ਸਰਕਾਰ ਅਤੇ ਉਸ ਦੀਆਂ ਨੀਤੀਆਂ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਅਣਐਲਾਨੀ ਐਮਰਜੈਂਸੀ ਰਹੀ ਉਨ੍ਹਾਂ ਕਿਹਾ ਕਿ ਨਾ ਤਾਂ ਕੇਂਦਰ ਵਿਚ ਕੋਈ ਹਾਂ ਪੱਖੀ ਕੰਮ ਰਿਹਾ ਅਤੇ ਨਾ ਹੀ ਸ਼੍ਰੀ ਅਨੰਦਪੁਰ ਸਾਹਿਬ ਵਿਚ ਕੋਈ ਕੰਮ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਲੋਕਾਂ ਵਲੋਂ ਘੇਰਿਆਂ ਜਾ ਰਿਹਾ ਹੈ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆਂ ’ਤੇ ਆ ਰਹੀਆਂ ਹਨ।

ਉਨ੍ਹਾਂ ਇਲਾਕੇ ਦੇ ਭਖਦੇ ਮਸਲੇ ਸ਼੍ਰੀ ਅਨੰਦਪੁਰ ਸਾਹਿਬ ਗੜਸ਼ੰਕਰ ਸੜਕ ਦੀ ਬੁਰੀ ਹਾਲਤ ਬਾਰੇ ਬੋਲਦਿਆ ਕਿਹਾ ਕਿ ਪਿਛਲੇ ਦੱਸ ਦਿਨ ਪਹਿਲਾ ਰੱਖਿਆ ਗਿਆ ਨੀਂਹ ਪੱਥਰ ਮਹਿਜ ਇਕ ਵਿਖਾਵਾ ਸੀ ਅਤੇ ਇਹ ਗੱਲ ਚੰਦੂਮਾਜਰਾ ਸਾਬ੍ਹ ਵੀ ਭਲੀ ਭਾਂਤ ਜਾਣਦੇ ਹਨ ਕਿ ਇਸ ਸੜਕ ਲਈ ਪੈਸਾ ਪਾਸ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਹੈ ਕਿ ਇਸ ਸੜਕ ਲਈ 28 ਕਰੋੜ ਰੁਪਏ ਪਾਸ ਕਰ ਦਿਤੇ ਹਨ ਜੇਕਰ ਚੋਣ ਕਮਿਸ਼ਨ ਇਜ਼ਾਜ਼ਤ ਦੇਵੇ ਤਾਂ ਇਹ ਸੜਕ ਪਹਿਲਾਂ ਹੀ ਬਣ ਜਾਵੇਗੀ। 

ਇਸ ਮੌਕੇ ਉਨ੍ਹਾਂ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵਲੋਂ ਸਹਿਯੋਗ ਦੇਣ ’ਤੇ ਧੰਨਵਾਦ ਜਤਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਹਰਪ੍ਰੀਤ ਬੰਟੀ, ਬਲਬੀਰ ਸਿੰਘ ਚਾਨਾ, ਹਰਕੇਸ਼ ਸ਼ਰਮਾ ਸੂਬਾ ਸਕੱਤਰ ਪੰਜਾਬ ਕਾਂਗਰਸ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਨੰਗਲ, ਰਮੇਸ਼ ਦਸਗਰਾਂਈ ਤੋਂ ਇਲਾਵਾ ਵੱਡੀ ਤਦਾਦ ਵਿਚ ਕਾਂਗਰਸੀ ਹਾਜ਼ਰ ਸਨ।