ਮੌਸਮ ਵਿਭਾਗ ਦੀ ਚਿਤਾਵਨੀ, ਬੁੱਧਵਾਰ ਨੂੰ ਤੇਜ਼ ਬਾਰਿਸ਼ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਣਕ ਦੀ ਵਾਢੀ 'ਚ ਰੋੜਾ ਬਣ ਸਕਦੀ ਹੈ ਭਾਰੀ ਬਾਰਿਸ਼

Weather department warns, Wednesday's probability of heavy rains

ਪੰਜਾਬ- ਕਿਸਾਨਾਂ ਦੀ ਪੱਕੀ ਖੜ੍ਹੀ ਕਣਕ ਦੀ ਫ਼ਸਲ 'ਤੇ ਫਿਰ ਤੋਂ ਖ਼ਤਰੇ ਦੇ ਬੱਦਲ ਮੰਡਰਾਉਂਦੇ ਨਜ਼ਰ ਆ ਰਹੇ ਹਨ। ਜੀ ਹਾਂ ਮੌਸਮ ਵਿਭਾਗ ਵਲੋਂ ਉੱਤਰ ਭਾਰਤੀ ਸੂਬਿਆਂ ਵਿਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੁੱਧਵਾਰ ਯਾਨੀ 17 ਅਪ੍ਰੈਲ ਨੂੰ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਦਿੱਲੀ ਵਿਚ ਭਾਰੀ ਬਾਰਿਸ਼ ਵਾਢੀ ਦੇ ਕੰਮ ਵਿਚ ਵੱਡਾ ਰੋੜਾ ਅਟਕਾ ਸਕਦੀ ਹੈ। ਉਂਝ ਕੁੱਝ ਥਾਵਾਂ 'ਤੇ ਵਿਸਾਖੀ ਤੋਂ ਪਹਿਲਾਂ ਹੀ ਕਣਕ ਦੀ ਵਾਢੀ ਸ਼ੁਰੂ ਹੋ ਗਈ ਸੀ ਪਰ ਹੁਣ ਵਿਸਾਖੀ ਮਗਰੋਂ ਵਾਢੀ ਨੇ ਪੂਰੀ ਤਰ੍ਹਾਂ ਜ਼ੋਰ ਫੜਿਆ ਹੋਇਆ ਹੈ ਕਿਉਂਕਿ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਈ ਖੜ੍ਹੀ ਹੈ।

ਅਜਿਹੇ ਵਿਚ ਜੇਕਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਇਸ ਨਾਲ ਕਣਕ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਾਰਿਸ਼ ਦੇ ਡਰ ਤੋਂ ਪਹਿਲਾਂ ਹੀ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ ਕਿਉਂਕਿ ਬਾਰਿਸ਼ ਕਾਰਨ ਹਰ ਸਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀਆਂ ਦੇ ਚੱਲਦੇ ਮਾਰਚ ਵਿਚ ਬਾਰਿਸ਼ ਮਗਰੋਂ ਅਪ੍ਰੈਲ ਦੀ ਸ਼ੁਰੂਆਤ ਵਿਚ ਹੀ ਗਰਮੀ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਬੀਤੇ ਸ਼ੁੱਕਰਵਾਰ ਰਾਤ ਅਸਮਾਨ ਵਿਚ ਛਾਏ ਬੱਦਲਾਂ ਦਾ ਅਸਰ ਸ਼ਨੀਵਾਰ ਨੂੰ ਕਈ ਥਾਵਾਂ 'ਤੇ ਹਲਕੀ ਬਾਰਿਸ਼ ਦੇ ਰੂਪ ਵਿਚ ਸਾਹਮਣੇ ਆਇਆ ਹੈ।

ਜਿਸ ਤੋਂ ਬਾਅਦ ਕਿਸਾਨਾਂ ਵਿਚ ਮੌਸਮ ਦੇ ਵਿਗੜਦੇ ਮਿਜਾਜ਼ ਨੂੰ ਲੈ ਕੇ ਲਗਾਤਾਰ ਚਿੰਤਾ ਬਣੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਜਿਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਵਿਚ ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ ਕਪੂਰਥਲਾ, ਫਤਿਹਗੜ੍ਹ ਸਾਹਿਬ, ਨਵਾਂ ਸ਼ਹਿਰ, ਲੁਧਿਆਣਾ, ਮੁਹਾਲੀ ਅਤੇ ਰੂਪਨਗਰ ਦੇ ਨਾਂਅ ਸ਼ਾਮਲ ਹਨ। ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਖੇਤਾਂ ਵਿਚ ਡਿੱਗੀ ਪਾਣੀ ਦੀ ਇਕ ਬੂੰਦ ਵੀ ਕਣਕ ਦੀ ਪੱਕੀ ਹੋਈ ਫ਼ਸਲ ਲਈ ਬੇਹੱਦ ਹਾਨੀਕਾਰਕ ਸਾਬਤ ਹੋਵੇਗੀ। ਇਥੋਂ ਤਕ ਤੇਜ਼ ਹਵਾਵਾਂ ਵੀ ਫ਼ਸਲ ਦੇ ਲਈ ਬੇਹੱਦ ਹਾਨੀਕਾਰਨ ਸਾਬਤ ਹੋਣਗੀਆਂ ਕਿਉਂਕਿ ਇਸ ਨਾਲ ਪੱਕੀ ਖੜ੍ਹੀ ਫ਼ਸਲ ਨੂੰ ਡਿੱਗਣ ਦਾ ਖ਼ਤਰਾ ਹੁੰਦਾ ਹੈ। ਜਿਸ ਨਾਲ ਫ਼ਸਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।