ਜ਼ਿਲ੍ਹੇ ਵਿਚ ਕੋਵਿਡ ਪਾਜ਼ੇਟਿਵ ਦਾ ਨਵਾਂ ਮਾਮਲਾ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਵਿਚ ਕੋਵਿਡ ਪਾਜ਼ੇਟਿਵ ਦਾ ਨਵਾਂ ਮਾਮਲਾ ਆਇਆ ਸਾਹਮਣੇ

nurse

ਪਟਿਆਲਾ, 15 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਪਟਿਆਲਾ ਵਿਚ ਕੋਵਿਡ 19 ਪਾਜ਼ੇਟਿਵ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਸਫ਼ਾਬਾਦੀ ਗੇਟ ਦੇ ਕੈਲਾਸ਼ ਨਗਰ ਏਰੀਏ ਵਿਚ ਰਹਿਣ ਵਾਲੇ 50 ਸਾਲਾ ਵਿਅਕਤੀ ਜਿਸ ਦਾ ਵਿਦੇਸ਼ ਯਾਤਰਾ ਸਬੰਧੀ ਕੋਈ ਵੇਰਵਾ ਨਹੀਂ ਹੈ, ਨੂੰ ਫਲੂ ਵਰਗੇ ਲੱਛਣ ਹੋਣ ਉਤੇ ਕੋਰੋਨਾ ਜਾਂਚ ਲਈ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਣ ਵਾਰਡ ਵਿਚ ਦਾਖ਼ਲ ਕਰਵਾ ਕੇ ਬੀਤੇ ਦਿਨੀਂ ਕੋਰੋਨਾ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ ਜਿਸ ਦੀ ਰੀਪੋਰਟ ਕੋਵਿਡ ਪਾਜ਼ੇਟਿਵ ਆਈ ਹੈ।
ਡਾ. ਮਲਹੋਤਰਾ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾਂ ਮਿਲਣ ਉਤੇ ਰਾਤ ਨੂੰ ਹੀ ਉਨ੍ਹਾਂ ਤੁਰਤ ਆਰ. ਆਰ. ਟੀ ਟੀਮਾਂ ਨੂੰ ਹਰਕਤ ਵਿਚ ਲਿਆਉਂਦੇ ਹੋਏ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਡਾ. ਯੁਵਰਾਜ  ਨਾਰੰਗ ਦੀ ਅਗਵਾਈ ਵਿਚ ਸਿਹਤ ਟੀਮ ਵਲੋਂ ਕੋਵਿਡ ਪਾਜ਼ੇਟਿਵ ਵਿਅਕਤੀ ਦੇ 3 ਪਰਵਾਰਕ ਮੈਂਬਰਾਂ (ਪਤਨੀ ਅਤੇ ਦੋਵੇਂ ਬਾਲਗ਼ਾ) ਦੇ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਅਤੇ ਪਰਵਾਰਕ ਮੈਂਬਰਾਂ ਨੂੰ ਘਰ ਵਿਚ ਹੀ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ। ਇਸ ਤੋਂ ਇਲਾਵਾ  ਪਾਜ਼ੇਟਿਵ ਵਿਅਕਤੀ ਦੇ ਆਲੇ ਦੁਆਲੇ ਦੇ ਘਰ ਵਾਲਿਆਂ ਨੂੰ ਵੀ ਅਗਲੇ 14 ਦਿਨਾਂ ਲਈ  ਘਰ ਵਿਚ ਹੀ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ।


ਉਨ੍ਹਾਂ ਦਸਿਆ ਕਿ ਪਾਜ਼ੇਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹੀਈਪੋਕਲੋਰਾਈਡ ਦਾ ਸਪਰੇਅ ਕਰਵਾਇਆ ਗਿਆ ਅਤੇ ਏਰੀਏ ਨੂੰ ਆਵਾਜਈ ਲਈ ਬੰਦ ਕਰ ਦਿਤਾ ਗਿਆ ਹੈ। ਡਾ. ਮਲਹੋਤਰਾ ਨੇ ਦਸਿਆ ਕਿ ਮਰੀਜ਼ ਦੇ ਨੇੜਲੇ ਅਤੇ ਦੂਰ ਦੇ ਸੰਪਰਕ ਜਾਣਨ ਲਈ ਮਰੀਜ਼ ਨਾਲ ਤਾਲਮੇਲ ਕਰਨ ਉਤੇ ਪਤਾ ਲੱਗਾ ਕਿ ਉਸ ਵਲੋਂ ਕੁੱਝ ਦਿਨ ਪਹਿਲਾਂ ਛੋਟੀ ਅਰਾਈ ਮਾਜਰਾ, ਗੋਪਾਲ ਨਗਰ ਆਦਿ ਵਿਖੇ ਲੋਕਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਹੈ ਜਿਸ ਤਹਿਤ ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਕੌਲੀ, ਤ੍ਰਿਪੜੀ ਅਤੇ ਮਾਡਲ ਟਾਊਨ ਦੀ ਅਗਵਾਈ ਵਿਚ ਟੀਮਾਂ ਦਾ ਨਿਰਮਾਣ ਕਰ ਕੇ ਛੋਟੀ ਅਰਾਈ ਮਾਜਰਾ, ਗੋਪਾਲ ਨਗਰ, ਕੈਲਾਸ਼ ਨਗਰ, ਢੇਹਾ ਬਸਤੀ ਦੇ ਕਰੀਬ 800 ਘਰਾਂ ਦਾ ਸਰਵੇ ਕਰਵਾਇਆ ਗਿਆ ਜਿੰਨ੍ਹਾਂ ਵਿਚੋਂ 97 ਘਰਾਂ ਦੇ 479 ਮੈਂਬਰਾਂ ਨੂੰ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ।


ਇਸ ਤੋਂ ਇਲਾਵਾ ਪਾਜ਼ੇਟਿਵ ਵਿਅਕਤੀ ਦੇ ਨੇੜੇ ਦੇ ਸੰਪਰਕ ਵਿਚ ਆਏ ਤਿੰਨ ਵਿਅਕਤੀਆਂ ਜਿਨ੍ਹਾਂ ਦਾ ਰਾਸ਼ਨ ਦੀ ਵੰਡ ਸਮੇਂ ਪਾਜ਼ੇਟਿਵ ਵਿਅਕਤੀ ਨਾਲ ਜ਼ਿਆਦਾ ਮਿਲਣਾ ਜੁਲਣਾ ਸੀ, ਨੂੰ ਅਤੇ ਸਰਵੇ ਦੌਰਾਨ ਤਿੰਨ ਹੋਰ ਵਿਅਕਤੀਆਂ ਨੂੰ ਵਾਇਰਸ ਦੇ ਲੱਛਣ ਹੋਣ ਉਤੇ ਕੋਰੋਨਾ ਜਾਂਚ ਸਬੰਧੀ ਸੈਂਪਲ ਲਏੇ ਗਏ ਅਤੇ ਇਕ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀ ਵਲੋਂ ਖ਼ੁਦ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਹੋ ਕੇ ਅਪਣਾ ਸੈਂਪਲ ਦਿਤਾ ਗਿਆ ਹੈ।
ਡਾ. ਮਲਹੋਤਰਾ ਨੇ ਦਸਿਆ ਕਿ ਇਨ੍ਹਾਂ ਸਾਰੇ ਸੈਂਪਲਾਂ ਦੀ ਰੀਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦਸਿਆ ਕਿ ਟੀਮਾਂ ਵਲੋਂ ਸਰਵੇ ਦੌਰਾਨ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਅਤੇ ਖ਼ਾਂਸੀ, ਜ਼ੁਕਾਮ , ਬੁਖ਼ਾਰ ਹੋਣ ਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।