30 ਅਪ੍ਰੈਲ ਮਗਰੋਂ ਮੰਡੀਆਂ 'ਚ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਬੋਨਸ ਮਿਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਭਲਕੇ 15 ਅਪਰੈਲ ਤੋਂ ਸ਼ੁਰੂ ਹੋ ਰਹੇ ਕਣਕ ਦੀ ਵਾਢੀ ਅਤੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਪ੍ਰਧਾਨ ਮੰਤਰੀ  ਨੂੰ ਪੱਤਰ

Amrinder singh

ਚੰਡੀਗੜ੍ਹ, 14 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਸੂਬੇ ਵਿਚ ਭਲਕੇ 15 ਅਪਰੈਲ ਤੋਂ ਸ਼ੁਰੂ ਹੋ ਰਹੇ ਕਣਕ ਦੀ ਵਾਢੀ ਅਤੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਪ੍ਰਧਾਨ ਮੰਤਰੀ  ਨੂੰ ਪੱਤਰ ਲਿਖ ਕੇ 30 ਅਪਰੈਲ ਤੋਂ ਬਾਅਦ ਮੰਡੀਆਂ ਵਿਚ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਮੰਗ ਦੁਹਰਾਈ ਤਾਂ ਜੋ ਮੰਡੀਆਂ ਵਿਚ ਭੀੜ-ਭੜੱਕੇ ਨੂੰ ਰੋਕਿਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ 1 ਮਈ, 2020 ਤੋਂ ਬਾਅਦ ਮੰਡੀਆਂ ਵਿਚ ਕਣਕ ਲਿਆਉਣ ਵਾਲੇ ਕਿਸਾਨਾਂ ਲਈ ਐਮ.ਐਸ.ਪੀ. ਤੋਂ ਇਲਾਵਾ 100 ਰੁਪਏ ਪ੍ਰਤੀ ਕੁਇੰਟਲ ਅਤੇ 31 ਮਈ ਤੋਂ ਬਾਅਦ ਕਣਕ ਲਿਆਉਣ ਵਾਲਿਆਂ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਮੰਡੀ ਦੀਆਂ ਹਾਲਤਾਂ ਵਿੱਚ ਉਪਜ ਨੂੰ ਸੰਭਾਲਣ ਲਈ ਆਈ ਵਾਧੂ ਲਾਗਤ ਅਤੇ ਝਾੜ ਵਿਚ ਆਈ ਕਮੀ ਲਈ ਮੁਆਵਜ਼ਾ ਦਿਤਾ ਜਾ ਸਕੇ।

ਮੁੱਖ ਮੰਤਰੀ ਨੇ ਪੱਤਰ ਵਿਚ ਲਿਖਿਆ ਕਿ ਕੋਵਿਡ-19 ਨੂੰ ਰੋਕਣ ਦੇ ਮੱਦੇਨਜ਼ਰ ਬੋਨਸ ਦਾ ਭੁਗਤਾਨ ਕਰਨ ਦੀ ਲਾਗਤ ਸਿਹਤ ਦੇਖਭਾਲ ਦੀ ਲਾਗਤ ਦੇ ਨਤੀਜੇ ਵਜੋਂ ਖਰਚੀ ਜਾਵੇਗੀ ਜੋ ਇਸ ਮਾਰੂ ਵਾਇਰਸ ਦੇ ਫੈਲਣ ਦੀ ਸਥਿਤੀ ਵਿਚ ਭੁਗਤਣੀ ਪਵੇਗੀ। ਕੈਪਟਨ ਨੇ ਦਸਿਆ ਕਿ ਦੇਸ਼ ਦੇ ਲੋੜੀਂਦੇ ਸਟਾਕਾ ਨੂੰ ਯਕੀਨੀ ਬਣਾਉਣ ਲਈ ਪੰਜਾਬ, ਕੇਂਦਰੀ ਪੂਲ ਲਈ ਖ਼ਰੀਦੀ ਗਈ ਕਣਕ ਦਾ ਲਗਭਗ 30-35 ਫ਼ੀ ਸਦੀ ਯੋਗਦਾਨ ਪਾ ਰਿਹਾ ਹੈ।

ਸੂਬਾ ਨੂੰ ਹਾੜ੍ਹੀ 2019-20 ਦੌਰਾਨ ਲਗਭਗ 18.5 ਮਿਲੀਅਨ ਮੀਟਰਕ ਟਨ ਕਣਕ ਦੀ ਵਾਢੀ ਦੀ ਉਮੀਦ ਹੈ ਅਤੇ ਮਾਰਕੀਟ ਵਿੱਚ ਲਗਭਗ 13.5 ਮਿਲੀਅਨ ਮੀਟਰਕ ਟਨ ਆਮਦ ਹੋਣ ਦੀ ਸੰਭਾਵਨਾ ਹੈ। ਕੈਪਟਨ ਨੇ ਅੱਗੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਖ਼ਤਰੇ ਦੇ ਮੱਦੇਨਜ਼ਰ ਸੂਬੇ ਵਲੋਂ ਕਣਕ ਦੀ ਖ਼ਰੀਦ ਲਈ ਪਹਿਲਾਂ ਤੋਂ ਹੀ ਵਿਆਪਕ ਪ੍ਰਬੰਧ ਕੀਤੇ ਗਏ ਹਨ। ਮੌਜੂਦਾ ਹਾੜੀ ਮਾਰਕੀਟਿੰਗ ਸੀਜ਼ਨ ਦੌਰਾਨ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਖਰੀਦ ਕੇਂਦਰਾਂ ਦੀ ਗਿਣਤੀ ਪਿਛਲੇ ਸਾਲ 1820 ਤੋਂ ਵਧਾ ਕੇ ਲਗਭਗ ਦੁੱਗਣੀ 3791 ਕੀਤੀ ਗਈ ਹੈ ਅਤੇ ਇਨ੍ਹਾਂ ਕੇਂਦਰਾਂ ਵਿਚ ਰੋਜ਼ਾਨਾ ਆਉਣ ਵਾਲੀ ਕਣਕ ਦੀ ਆਮਦ ਨੂੰ ਸੀਮਤ ਕਰ ਕੇ ਖ਼ਰੀਦ ਸੀਜ਼ਨ 30 ਜੂਨ ਤਕ ਵਧਾਉਣ ਦੀ ਯੋਜਨਾ ਬਣਾਈ ਗਈ ਹੈ।