ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 10 ਹਜ਼ਾਰ ਤੋਂ ਪਾਰ, ਮੌਤਾਂ 353
ਦੁਨੀਆਂ ਭਰ ਵਿਚ ਹੁਣ ਤਕ ਇਕ ਲੱਖ 20 ਹਜ਼ਾਰ ਤੋਂ ਵੱਧ ਲੋਕ ਮਰੇ
ਨਵੀਂ ਦਿੱਲੀ, 14 ਅਪ੍ਰੈਲ: ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਕੋਰੋਨਾ ਵਾਇਰਸ ਲਾਗ ਦੇ ਪਿਛਲੇ 24 ਘੰਟਿਆਂ ਵਿਚ 1463 ਨਵੇਂ ਮਾਮਲੇ ਸਾਹਮਣੇ ਆਏ ਹਨ, ਨਾਲ ਹੀ ਇਸ ਸਮੇਂ ਦੌਰਾਨ 31 ਮਰੀਜ਼ਾਂ ਦੀ ਮੌਤ ਹੋਈ ਹੈ। ਇਸੇ ਦੌਰਾਨ ਦੁਨੀਆਂ ਭਰ ਵਿਚ ਮ੍ਰਿਤਕਾਂ ਦੀ ਗਿਣਤੀ ਇਕ ਲੱਖ 20 ਹਜ਼ਾਰ ਤੋਂ ਵੱਧ ਹੋ ਗਈ ਹੈ। ਦਸੰਬਰ ਵਿਚ ਇਸ ਬੀਮਾਰੀ ਦਾ ਚੀਨ ਵਿਚ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਤਕ 1,20,013 ਲੋਕਾਂ ਦੀ ਮੌਤ ਹੋ ਚੁੱਕੀ ਹੇ। ਸਿਰਫ਼ ਯੂਰਪ ਵਿਚ 81474 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ।
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਕੁਲ ਮਾਮਲੇ 10,815 ਹੋ ਗਏ ਹਨ ਜਦਕਿ ਹੁਣ ਤਕ 353 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਗਰਵਾਲ ਨੇ ਦਸਿਆ ਕਿ ਪੀੜਤ ਮਰੀਜ਼ਾਂ ਵਿਚੋਂ ਹੁਣ ਤਕ 1036 ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਹਸਪਤਾਲਾਂ ਤੋਂ ਛੁੱਟੀ ਦੇ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਹੁਣ ਤਕ ਦੇਸ਼ ਦੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 179 ਹੈ। ਅਗਰਵਾਲ ਨੇ ਸੰਸਾਰ ਪੱਧਰ 'ਤੇ ਇਸ ਮਹਾਮਾਰੀ ਦੇ ਅਸਰ ਨੂੰ ਵੇਖਦਿਆਂ ਸੰਸਾਰ ਸਿਹਤ ਸੰਸਥਾ ਦੇ ਅੰਕੜਿਆਂ ਦੇ ਹਵਾਲੇ ਨਾਲ ਭਾਰਤ ਵਿਚ ਸਥਿਤੀ ਨੂੰ ਤਸੱਲੀਬਖ਼ਸ਼ ਦਸਿਆ। ਉਨ੍ਹਾਂ ਦਸਿਆ ਕਿ ਦੇਸ਼ ਵਿਚ ਕੋਰੋਨਾ ਦੇ ਇਲਾਜ ਲਈ ਹਸਪਤਾਲਾਂ ਦੀ ਗਿਣਤੀ 602 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਸੰਸਥਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਦੇ ਕਲ 76498 ਮਾਮਲੇ ਸਾਹਮਣੇ ਆਏ ਅਤੇ 5702 ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਆਈਸੀਐਮਆਰ ਦੇ ਸੀਨੀਅਰ ਵਿਗਿਆਨੀ ਰਮਨ ਆਰ ਗੰਗਾਖੇੜਕਰ ਨੇ ਦਸਿਆ ਕਿ ਦੇਸ਼ ਵਿਚ ਇਸ ਮਾਰੂ ਬੀਮਾਰੀ ਲਈ ਹੁਣ ਤਕ 231902 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿਚ ਸੋਮਵਾਰ ਤੋਂ ਹੁਣ ਤਕ 21635 ਨਮੂਨਿਆਂ ਦੀ ਜਾਂਚ ਵੀ ਸ਼ਾਮਲ ਹੈ।
ਇਨ੍ਹਾਂ ਵਿਚ 18644 ਸੈਂਪਲਾਂ ਦੀ ਪਰਖ ਸਰਕਾਰੀ ਲੈਬਾਂ ਵਿਚ ਅਤੇ 2991 ਟੈਸਟ ਨਿਜੀ ਲੈਬਾਂ ਵਿਚ ਕੀਤੇ ਗਏ। ਉਨ੍ਹਾਂ ਦਸਿਆ ਕਿ ਦੇਸ਼ ਵਿਚ ਆਈਸੀਐਮਆਰ ਦੀਆਂ ਲੈਬਾਂ ਦੀ ਗਿਣਤੀ ਵੱਧ ਕੇ 166 ਹੋ ਗਈ ਹੈ ਅਤੇ 70 ਨਿਜੀ ਲੈਬਾਂ ਨੂੰ ਵੀ ਕੋਵਿਡ 19 ਦੇ ਟੈਸਟਾਂ ਦੀ ਆਗਿਆ ਦਿਤੀ ਜਾ ਚੁੱਕੀ ਹੈ। ਉਨ੍ਹਾਂ ਦਸਿਆ ਕਿ ਤਾਲਾਬੰਦੀ ਦੌਰਾਨ ਸਾਰਿਆਂ ਨੂੰ ਭੋਜਨ ਉਪਲਭਧ ਕਰਾਉਣ ਲਈ 80 ਕਰੋੜ ਲੋੜਵੰਦ ਲੋਕਾਂ ਨੂੰ ਅਗਲੇ ਤਿੰਨ ਮਹੀਨੇ ਤਕ ਮੁਫ਼ਤ ਅਨਾਜ ਦੀ ਸਹੂਲਤ ਦਿਤੀ ਜਾਵੇਗੀ।