ਜਲੰਧਰ ਦੇ ਪੰਜ ਨਾਮੀ ਪ੍ਰਾਈਵੇਟ ਹਸਪਤਾਲਾਂ ਨੂੰ ਸੀਲ ਕਰਨ ਦੀ ਚੇਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਦੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਜਲੰਧਰ ਦੇ ਕੁੱਝ ਹਸਪਤਾਲਾਂ ਵਲੋਂ ਕੋਰੋਨ ਦੇ ਸ਼ੱਕੀ ਮਰੀਜ਼ਾਂ ਬਾਰੇ ਸਿਹਤ ਵਿਭਾਗ ਨੂੰ ਇਸ ਬਾਰੇ ਨਾ ਦੱਸਣ

File photo

ਜਲੰਧਰ, 14 ਅਪ੍ਰੈਲ (ਵਰਿੰਦਰ ਸ਼ਰਮਾ) : ਜਲੰਧਰ ਦੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਜਲੰਧਰ ਦੇ ਕੁੱਝ ਹਸਪਤਾਲਾਂ ਵਲੋਂ ਕੋਰੋਨ ਦੇ ਸ਼ੱਕੀ ਮਰੀਜ਼ਾਂ ਬਾਰੇ ਸਿਹਤ ਵਿਭਾਗ ਨੂੰ ਇਸ ਬਾਰੇ ਨਾ ਦੱਸਣ ਉਤੇ ਉਨ੍ਹਾਂ ਵਿਰੁਧ ਸਖ਼ਤ  ਕਾਰਵਾਈ ਕਰਨ  ਦੀ ਚਿਤਾਵਨੀ ਦਿਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਿੰਦਰ ਕੌਰ ਚਾਵਲਾ ਨੇ ਦਸਿਆ ਕਿ ਸ਼ਹਿਰ ਦੇ ਕਰੀਬ ਪੰਜ ਪ੍ਰਾਈਵੇਟ ਹਸਪਤਾਲ ਜਿਨ੍ਹਾਂ ਵਲੋਂ ਉਨ੍ਹਾਂ ਦੇ ਕੋਲ ਇਲਾਜ ਕਰਵਾਉਣ ਆਏ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਬਾਰੇ ਸਿਹਤ ਵਿਭਾਗ ਨੂੰ ਕੋਈ ਵੀ ਸੂਚਨਾ ਨਹੀਂ ਦਿਤੀ ਗਈ ਜਿਸ ਕਰ ਕੇ ਸ਼ੱਕੀ ਮਰੀਜ਼ਾਂ ਦਾ ਠੀਕ ਤਰੀਕੇ ਨਾਲ ਇਲਾਜ ਨਾ ਹੋਣ ਕਰ ਕੇ ਹਰ ਰੋਜ਼ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਕਾਰਨ ਸਿਹਤ ਵਿਭਾਗ ਦਾ ਕੰਮ ਇਨ੍ਹਾਂ ਹਸਪਤਾਲਾਂ ਨੇ ਹੋਰ ਵਧਾ ਦਿਤਾ ਹੈ। ਉੱਥੇ ਹੀ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਲੋਂ ਸਿਵਲ ਹਸਪਤਾਲ ਵਿਚ ਨਾ ਭੇਜਣ ਕਾਰਨ ਇਨ੍ਹਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਹਸਪਤਾਲ ਵਿਚ ਜੇਕਰ ਕੋਰੋਨਾ ਦਾ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਇਸ ਦੀ ਇਤਲਾਹ ਜਲਦ ਤੋਂ ਜਲਦ ਸਿਵਲ ਹਸਪਤਾਲ ਨੂੰ ਦੇਣ ਉਤੇ ਉਸ ਸ਼ੱਕੀ ਮਰੀਜ਼ ਨੂੰ ਸਿਵਲ ਹਸਪਤਾਲ ਦੇ ਟਰੌਮਾ ਵਾਰਡ ਵਿਚ ਆਨ ਡਿਊਟੀ ਸਟਾਫ਼ ਦੇ ਹਵਾਲੇ ਕਰ ਦੇਣ ਤਾਂ ਜੋ ਉਸ ਕੋਰੋਨਾ ਦੇ ਸ਼ੱਕੀ ਮਰੀਜ਼ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ।