ਸ਼ਹਿਰ 'ਚ ਹੁਣ ਤਕ ਲੋੜਵੰਦਾਂ ਨੂੰ ਖਾਣੇ ਦੇ 1.88 ਲੱਖ ਪੈਕਟ ਵੰਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦਾਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹੁੰਚ ਕਰਕੇ 23 ਮਾਰਚ ਤੋਂ ਹੁਣ ਤੱਕ

File photo

ਪਟਿਆਲਾ, 14 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦਾਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹੁੰਚ ਕਰਕੇ 23 ਮਾਰਚ ਤੋਂ ਹੁਣ ਤੱਕ ਲੋੜਵੰਦਾਂ ਤੱਕ ਭੋਜਨ ਦੇ 1 ਲੱਖ 88 ਹਜ਼ਾਰ ਪੈਕੇਟ ਪੁੱਜਦੇ ਕੀਤੇ ਜਾ ਚੁੱਕੇ ਹਨ, ਉਥੇ ਹੀ ਜਰੂਰਤਮੰਦਾਂ ਨੂੰ ਦਵਾਈਆਂ ਸਮੇਤ ਹੋਰ ਮੈਡੀਕਲ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈ ਹਨ।

ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ਤੋਂ ਆਮ ਲੋਕਾਂ ਦੇ ਬਚਾਅ ਲਈ ਲਗਾਏ ਗਏ ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਸਾਹਮਣੇ ਸਭ ਤੋਂ ਵੱਡੀ ਚਣੌਤੀ ਲੋੜਵੰਦਾਂ ਨੂੰ ਭੋਜਨ ਪਹੁੰਚਾਉਣਾ ਸੀ ਜਿਸ 'ਤੇ ਰਣਨੀਤੀ ਬਣਾਕੇ ਪ੍ਰਸ਼ਾਸਨ ਵੱਲੋਂ ਸਮਾਜ ਸੈਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਭੋਜਨ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਤਹਿਤ 23 ਮਾਰਚ ਤੋਂ ਹੁਣ ਤੱਕ 1 ਲੱਖ 88 ਹਜ਼ਾਰ ਭੋਜਨ ਦੇ ਪੈਕੇਟ ਲੋੜਵੰਦਾਂ ਤੱਕ ਪੁੱਜਦੇ ਕੀਤੇ ਜਾ ਚੁੱਕੇ ਹਨ ਅਤੇ ਲਗਾਤਾਰ ਇਹ ਕੰਮ ਜਾਰੀ ਹੈ।

ਪੂਨਮਦੀਪ ਕੌਰ ਨੇ ਦੱਸਿਆ ਕਿ 13 ਹਜ਼ਾਰ 500 ਭੋਜਨ ਦੇ ਪੈਕੇਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ 'ਤੇ ਸਲੱਮ ਬਸਤੀਆਂ ਵਿੱਚ ਪੁੱਜਦੇ ਕੀਤੇ ਗਏ ਹਨ ਅਤੇ 1 ਲੱਖ 65 ਹਜ਼ਾਰ ਪੈਕੇਟ ਰੈਡ ਕਰਾਸ ਰਾਹੀਂ ਲੋੜਵੰਦਾਂ ਨੂੰ ਦਿੱਤੇ ਜਾ ਚੁੱਕੇ ਹਨ ਇਸ ਦੇ ਨਾਲ ਹੀ ਸਮਾਜ ਸੈਵੀ ਜਥੇਬੰਦੀਆਂ ਵੱਲੋਂ ਸਿੱਧੇ ਤੌਰ 'ਤੇ 10 ਹਜ਼ਾਰ ਭੋਜਨ ਦੇ ਪੈਕੇਟ ਜ਼ਰੂਰਤਮੰਦ ਵਿਅਕਤੀਆਂ ਨੂੰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਕੌਸ਼ਲਰ ਵੱਲੋਂ ਵੀ ਲੋੜਵੰਦਾਂ ਦੀ ਮਦਦ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਨਗਰ ਨਿਗਮ ਵੱਲੋਂ ਲੋੜੀਂਦਾ ਸਮਾਨ ਵੀ ਭੇਜਿਆਂ ਜਾਂਦਾ ਹੈ।

ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਇਹ ਖਾਣੇ ਦੇ ਪੈਕਟ ਤਿਆਰ ਕਰਨ ਲਈ ਸਵੱਛਤਾ ਅਤੇ ਕੋਵਿਡ-19 ਪ੍ਰੋਟੋਕਾਲ ਨੇਮਾਂ ਦੀ ਪਾਲਣਾਂ ਕੀਤੀ ਜਾਂਦੀ ਹੈ ਅਤੇ ਭੋਜਨ ਦੇ ਪੈਕੇਟ ਵੰਡਣ ਸਮੇਂ ਜਿਥੇ ਸਮਾਜਿਕ ਦੂਰੀ ਬਣਾਕੇ ਰੱਖੀ ਜਾਂਦੀ ਹੈ ਉਥੇ ਹੀ ਸਾਫ਼ ਸਫ਼ਾਈ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ।