ਪੰਜਾਬ 'ਚ ਆਉਂਦੇ ਦਿਨਾਂ 'ਚ ਗਰਮੀ ਤੋਂ ਮਿਲੇਗੀ ਨਿਜਾਤ, 16-18 ਅ੍ਰਪੈਲ ਤੱਕ ਮੀਂਹ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਦੇ ਵਿਚ ਪਾਰਾ 35 ਡਿਗਰੀ ਤੋਂ ਲੈ ਕੇ 38 ਡਿਗਰੀ ਤੱਕ ਰਿਹਾ ਹੈ।

Punjab to get relief from heat in coming days, rain expected from April 16-18

ਲੁਧਿਆਣਾ (ਰਾਜਵਿੰਦਰ ਸਿੰਘ) - ਉੱਤਰ ਭਾਰਤ ਵਿਚ ਲਗਾਤਾਰ ਮੌਸਮ 'ਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਬੀਤੇ ਇਕ ਹਫਤੇ ਦੌਰਾਨ ਪੰਜਾਬ ਭਰ ਵਿਚ ਲੋਕਾਂ ਨੂੰ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਦਿਨਾਂ ਦੌਰਾਨ ਗਰਮ ਹਵਾਵਾਂ ਵੀ ਚਲਦੀਆਂ ਰਹੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਬੀਤੇ ਦਿਨਾਂ ਵਿਚ ਲੂ ਚੱਲਣ ਨਾਲ ਪਾਰਾ ਦੇ ਵਿਚ ਵਾਧਾ ਦਰਜ ਕੀਤਾ ਗਿਆ ਅਤੇ ਲੁਧਿਆਣਾ ਵਿਚ ਬੀਤੇ ਦਿਨ ਦੇ ਵਿਚ ਪਾਰਾ 35 ਡਿਗਰੀ ਤੋਂ ਲੈ ਕੇ 38 ਡਿਗਰੀ ਤੱਕ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੌਸਮ ਤੋਂ ਹੁਣ ਆਉਂਦੇ ਦਿਨਾਂ 'ਚ ਲੋਕਾਂ ਨੂੰ ਨਿਜਾਤ ਮਿਲੇਗੀ ਪਰ ਕਿਸਾਨਾਂ ਨੂੰ ਜ਼ਰੂਰ ਸੁਚੇਤ ਹੋਣ ਦੀ ਲੋੜ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੂਬੇ ਵਿਚ 16 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਮੌਸਮ 'ਚ ਕਾਫੀ ਤਬਦੀਲੀ ਆਵੇਗੀ ਅਤੇ ਜੋ ਬੀਤੇ ਕਈ ਦਿਨਾਂ ਤੋਂ ਲਗਾਤਾਰ ਗਰਮ ਹਵਾਵਾਂ ਚੱਲ ਰਹੀਆਂ ਸਨ ਉਸ ਤੋਂ ਵੀ ਲੋਕਾਂ ਨੂੰ ਥੋੜ੍ਹੀ ਬਹੁਤ ਨਿਜਾਤ ਮਿਲੇਗੀ।

ਉਨ੍ਹਾਂ ਕਿਹਾ ਪਰ ਇਸ ਦੌਰਾਨ ਕਿਸਾਨ ਇਹ ਖਾਸ ਧਿਆਨ ਰੱਖਣ ਕਿ ਉਹ ਇਨ੍ਹਾਂ ਦਿਨਾਂ 'ਚ ਕਣਕ ਦੀ ਵਾਢੀ ਨਾ ਕਰਨ ਕਿਉਂਕਿ ਖੇਤ 'ਚ ਕੱਟੀ ਹੋਈ ਕਣਕ ਦਾ ਖੜ੍ਹੀ ਫ਼ਸਲ ਨਾਲੋਂ ਵੱਧ ਨੁਕਸਾਨ ਹੁੰਦਾ ਹੈ। ਇਸ ਕਰਕੇ ਜੇਕਰ ਕਿਸੇ ਕਿਸਾਨਾਂ ਨੇ ਫਸਲ ਵੱਢ ਕੇ ਵੀ ਰੱਖੀ ਹੈ ਤਾਂ ਉਹ ਵੀ ਜ਼ਰੂਰ ਇਸ ਨੂੰ ਸੁਰੱਖਿਅਤ ਥਾਂਵਾਂ ਤੇ ਸੰਭਾਲ ਲੈਣ। ਡਾ ਕੁਲਵਿੰਦਰ ਕੌਰ ਨੇ ਕਿਹਾ ਕਿ ਅਪਰੈਲ ਮਹੀਨੇ ਦੇ ਵਿਚ ਜੋ ਆਮ ਗਰਮੀ ਹੁੰਦੀ ਹੈ ਉਸੇ ਤਰ੍ਹਾਂ ਮੌਸਮ ਚੱਲ ਰਿਹਾ ਹੈ।