ਸੌਦਾ ਸਾਧ ਦੀ ਐਮ.ਐਸ.ਜੀ. ਅਤੇ ਅਕਸ਼ੇ ਕੁਮਾਰ ਦੀ ‘ਸਿੰਘ ਇਜ਼ ਬਲਿੰਗ’ ਫ਼ਿਲਮਾਂ ਬਣੀਆਂ ਪੁਆੜੇ ਦੀ ਜੜ੍ਹ
ਅਕਸ਼ੇ ਕੁਮਾਰ ਨੇ ਸੌਦਾ ਸਾਧ ਅਤੇ ਸੁਖਬੀਰ ਸਿੰਘ ਬਾਦਲ ਦੀ ਕਰਵਾਈ ਸੀ ਮੀਟਿੰਗ!
ਕੋਟਕਪੂਰਾ (ਗੁਰਿੰਦਰ ਸਿੰਘ): ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਵਿਖੇ ਵਾਪਰੇ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਅਦਾਲਤ ਵਿਚ ਪੇਸ਼ ਕੀਤੀਆਂ ਚਲਾਨ ਰੀਪੋਰਟਾਂ ਮੁਤਾਬਕ ਪਿਛਲੀਆਂ ਕਿਸ਼ਤਾਂ ਵਿਚ ਦਸਿਆ ਜਾ ਚੁੱਕਾ ਹੈ ਕਿ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦਿਵਾਉਣ ਲਈ ਬਾਦਲਾਂ ਵਲੋਂ ਕਿਵੇਂ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ ਗਿਆ।
ਐਸ.ਆਈ.ਟੀ. ਨੇ ਅਦਾਲਤ ਵਿਚ ਐਸ.ਜੀ.ਪੀ.ਸੀ. ਦੇ ਰਿਕਾਰਡ ਦੀ ਇਕ ਕਾਪੀ ਨੱਥੀ ਕਰ ਕੇ ਦਸਿਆ ਕਿ ਭਾਵੇਂ ਸੌਦਾ ਸਾਧ ਦੀ ਮਾਫ਼ੀ ਵਾਲਾ ਗੁਰਮਤਾ ਵਾਪਸ ਲੈ ਲਿਆ ਗਿਆ ਪਰ ਸ਼੍ਰੋਮਣੀ ਕਮੇਟੀ ਨੇ ਸੌਦਾ ਸਾਧ ਦੀ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਗੁਰੂ ਦੀ ਗੋਲਕ ਵਿਚੋਂ ਪਹਿਲਾਂ 36 ਲੱਖ ਜਦਕਿ ਬਾਅਦ ਵਿਚ ਸਾਢੇ 46 ਲੱਖ ਰੁਪਏ ਹੋਰ ਸਿਰਫ਼ ਇਸ਼ਤਿਹਾਰਾਂ ’ਤੇ ਹੀ ਖ਼ਰਚ ਦਿਤੇ।
ਐਸ.ਆਈ.ਟੀ. ਦੀ ਪੜਤਾਲ ਮੁਤਾਬਕ ਫ਼ਿਲਮੀ ਅਦਾਕਾਰ ਅਕਸ਼ੇ ਕੁਮਾਰ ਨੇ ਸੁਖਬੀਰ ਸਿੰਘ ਬਾਦਲ ਅਤੇ ਸੌਦਾ ਸਾਧ ਵਿਚਕਾਰ ਇਕ ਮੀਟਿੰਗ ਦਾ ਪ੍ਰਬੰਧ ਵੀ ਕੀਤਾ ਸੀ। ਮਿਤੀ 21-11-2018 ਨੂੰ ਐਸਆਈਟੀ ਵਲੋਂ ਅਕਸ਼ੇ ਕੁਮਾਰ ਤੋਂ ਬਕਾਇਦਾ ਪੁੱਛ ਪੜਤਾਲ ਵੀ ਕੀਤੀ ਗਈ। ਉਕਤ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦਿਵਾਈ ਜਾਵੇ। ਸੌਦਾ ਸਾਧ ਦੀ ਫ਼ਿਲਮ ਐਮਐਸਜੀ-2 ਨੂੰ ਰਿਲੀਜ਼ ਕਰਵਾਉਣ ਵਿਚ ਸਹਾਇਤਾ ਕੀਤੀ ਜਾਵੇ। ਸੋਦਾ ਸਾਧ ਦੀ ਵਿਵਾਦਤ ਫ਼ਿਲਮ 25 ਸਤੰਬਰ 2015 ਨੂੰ ਪੰਜਾਬ ਵਿਚ ਰਿਲੀਜ਼ ਕਰ ਦਿਤੀ ਗਈ ਜਿਸ ਨਾਲ ਸਿੱਖ ਸੰਗਤਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਣੀ ਸੁਭਾਵਕ ਸੀ, ਸਿੱਖ ਸੰਗਤਾਂ ਦਾ ਗੁੱਸਾ ਵਧਿਆ ਜੋ ਵਿਰੋਧ ਪ੍ਰਦਰਸ਼ਨਾ ਅਤੇ ਪਾਵਨ ਸਰੂਪਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਸਬੱਬ ਬਣਿਆ।
ਐਸਆਈਟੀ ਮੁਤਾਬਕ ਉਸ ਸਮੇਂ ਦੇ ਸ਼੍ਰੋੋਮਣੀ ਕਮੇਟੀ ਦੇ ਅਵਤਾਰ ਸਿੰਘ ਮੱਕੜ ਨੇ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਤੋਂ 6 ਦਿਨ ਬਾਅਦ ਅਰਥਾਤ 20 ਅਕਤੂਬਰ 2015 ਨੂੰ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿਤੀ ਇੰਟਰਵਿਊ ਵਿਚ ਖ਼ੁਦ ਮੰਨੀ। ਮੱਕੜ ਮੁਤਾਬਕ ਤਖ਼ਤਾਂ ਦੇ ਜਥੇਦਾਰਾਂ ਵਲੋਂ ਸਿੱਖ ਸੰਗਤਾਂ ਨੂੰ ਵਿਸ਼ਵਾਸ ਵਿਚ ਲਏ ਤੋਂ ਬਿਨਾਂ ਕਾਹਲੀ ਵਿਚ ਮਾਫ਼ੀ ਦੇਣ ਦਾ ਤਰੀਕਾ ਕਈ ਸਵਾਲ ਖੜੇ ਕਰਦਾ ਹੈ। ਮਿਤੀ 24 ਸਤੰਬਰ 2015 ਨੂੰ ਡੇਰਾ ਮੁਖੀ ਨੂੰ ਦਿਤੀ ਮਾਫ਼ੀ ਦੀ ਗੱਲ ਨੇ ਵੀ ਗੜਬੜ ਨੂੰ ਵਧਾਇਆ। ਚਲਾਨ ਰੀਪੋਰਟ ਦੇ ਪੰਨ੍ਹਾ ਨੰਬਰ 47 ਮੁਤਾਬਕ ਸੁਖਬੀਰ ਸਿੰਘ ਬਾਦਲ ਅਤੇ ਸੌਦਾ ਸਾਧ ਵਿਚਕਾਰ ਗੱਲਬਾਤ ਕਰਵਾਉਣ ਵਿਚ ਅਕਸ਼ੇ ਕੁਮਾਰ ਵਲੋਂ ਭੂਮਿਕਾ ਨਿਭਾਉਣ ਪਿੱਛੇ ਵੀ ਇਕ ਕਾਰਨ ਸੀ। ਉਸ ਦੀ ਅਪਣੀ ਫ਼ਿਲਮ ‘ਸਿੰਘ ਇਜ ਬਲਿੰਗ’ ਉੱਪਰ ਵੀ ਆਮ ਲੋਕਾਂ ਅਤੇ ਖਾਸ ਕਰ ਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਨੂੰ ਲੈ ਕੇ ਸਿੱਖਾਂ ਵਲੋਂ ਇਤਰਾਜ ਕੀਤਾ ਗਿਆ।
ਅਕਸ਼ੇ ਕੁਮਾਰ ਦੀ ਉਕਤ ਫ਼ਿਲਮ ਵੀ 2 ਅਕਤੂਬਰ 2015 ਨੂੰ ਸੌਦਾ ਸਾਧ ਦੀ ਫ਼ਿਲਮ ਦੇ ਰਿਲੀਜ਼ ਤੋਂ ਇਕ ਹਫ਼ਤਾ ਬਾਅਦ ਰਿਲੀਜ਼ ਕਰ ਦਿਤੀ ਗਈ। ਐਸਆਈਟੀ ਨੇ ਚਲਾਨ ਰਿਪੋਰਟ ਵਿਚ ਸ਼੍ਰੋਮਣੀ ਕਮੇਟੀ ਦੇ ਸਹਿਮਤੀ ਵਾਲੇ ਪੱਤਰ ਨੰਬਰ 26172 ਦੀ ਇਕ ਕਾਪੀ ਵੀ ਨਾਲ ਨੱਥੀ ਕੀਤੀ ਹੈ। ਐਸਆਈਟੀ ਨੇ ਸੁਖਬੀਰ ਸਿੰਘ ਬਾਦਲ ਦੇ ਮੁੰਬਈ ਦੌਰੇ ਬਾਰੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਚੰਡੀਗੜ੍ਹ ਤੋਂ ਜ਼ਰੂਰੀ ਜਾਣਕਾਰੀ ਹਾਸਲ ਕੀਤੀ। ਐਸਆਈਟੀ ਵਲੋਂ ਇਸ ਸਬੰਧੀ ਚਿੱਠੀ ਪੀ.ਬੀ.ਆਈ.ਪੀ./2019/3838 ਮਿਤੀ 18/03/2019 ਦੀ ਕਾਪੀ ਵੀ ਨੱਥੀ ਕੀਤੀ ਜਿਸ ਉਪਰ ਪ੍ਰਬੰਧਕੀ ਡਾਇਰੈਕਟਰ ਆਸ਼ੂਨੀਤ ਕੌਰ ਦੇ ਦਸਤਖ਼ਤ ਹਨ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈ 14 ਅਕਤੂਬਰ 2015 ਦੀ ਪੁਲਿਸ ਗੋਲੀਬਾਰੀ ਵਾਲੀ ਘਟਨਾ ਮੌਕੇ ਪੰਜਾਬ ਵਿਚ ਨਹੀਂ ਸਨ, ਐਸਆਈਟੀ ਨੇ ਇਸ ਨੂੰ ਅਪਣੇ ਬਚਾਅ ਲਈ ਬਹਾਨਾ ਦਸਦਿਆ ਲਿਖਿਆ ਹੈ ਕਿ ਉਹ ਪੰਜਾਬ ਵਿਚ ਹੋਣ ਵਾਲੀ ਹਰ ਗੱਲ ਤੋਂ ਜਾਣੂ ਸਨ।
ਪੰਨ੍ਹਾ ਨੰਬਰ 48 ਮੁਤਾਬਕ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਚ ਧਰਨੇ ’ਤੇ ਬੈਠੇ ਲੋਕਾਂ ਵਲੋਂ ਕਿਸੇ ਕਿਸਮ ਦੀ ਉਕਸਾਹਟ ਪੈਦਾ ਨਹੀਂ ਕੀਤੀ ਗਈ, ਉਸ ਸਮੇਂ ਦੀ ਪੁਲਿਸ ਕਾਰਵਾਈ ਵੱਡੀਆਂ ਰਾਜਨੀਤਿਕ ਹਸਤੀਆਂ, ਪੁਲਿਸ ਦੇ ਉੱਚ ਅਧਿਕਾਰੀਆਂ, ਸੌਦਾ ਸਾਧ ਅਤੇ ਉਸ ਦੇ ਪੈਰੋਕਾਰਾਂ ਵਿਚਕਾਰ ਮਿਲੀਭੁਗਤ ਨਾਲ ਬਣਾਈ ਸਾਜਿਸ਼ ਦਾ ਨਤੀਜਾ ਸੀ। ਤਫ਼ਤੀਸ਼ ਸਪੱਸ਼ਟ ਰੂਪ ਨਾਲ ਜਿੰਨਾ ਦੇ ਨਾਮ ਉਜਾਗਰ ਕਰਦੀ ਹੈ, ਉਨ੍ਹਾਂ ਵਿਚ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਡੀਜੀਪੀ ਸੁਮੇਧ ਸਿੰਘ ਸੈਣੀ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਤਤਕਾਲੀਨ ਐਸਐਚਓ ਗੁਰਦੀਪ ਸਿੰਘ ਪੰਧੇਰ, ਤਤਕਾਲੀਨ ਡੀਐਸਪੀ ਬਲਜੀਤ ਸਿੰਘ ਸਿੱਧੂ, ਡੀਆਈਜੀ ਅਮਰ ਸਿੰਘ ਚਾਹਲ ਆਦਿ ਸ਼ਾਮਲ ਹਨ।