ਪੰਜਾਬ ਵਿਚ ਕਣਕ ਦਾ ਝਾੜ ਘਟਿਆ, ਕਿਸਾਨਾਂ ਨੂੰ ਪਏਗੀ 2500 ਕਰੋੜ ਦੀ ਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰਾਂ ਤੋਂ ਬਾਅਦ ਕਿਸਾਨਾਂ ’ਤੇ ਕੁਦਰਤ ਦੀ ਕਰੋਪੀ

Wheat

ਬਠਿੰਡਾ  (ਸੁਖਜਿੰਦਰ ਮਾਨ): ਪਹਿਲਾਂ ਹੀ ਕਾਲੇ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਸਰਕਾਰਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਹੁਣ ਕÎਣਕ ਦਾ ਝਾੜ ਘੱਟ ਨਿਕਲਣ ਕਾਰਨ ਦੂਹਰੀ ਮਾਰ ਪੈ ਗਈ ਹੈ। ਮੁਢਲੇ ਰੁਝਾਨਾਂ ਮੁਤਾਬਕ ਪ੍ਰਤੀ ਏਕੜ ਇਕ ਤੋਂ ਦੋ ਕੁਇੰਟਲ ਕਣਕ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਘੱਟ ਨਿਕਲ ਰਿਹਾ ਹੈ। ਕੇਂਦਰ ਵਲੋਂ ਕਣਕ ਦਾ ਘੱਟੋਂ ਘੱਟ ਰੇਟ 1975 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। 

ਮਾਹਰਾਂ ਮੁਤਾਬਕ ਜੇਕਰ ਡੇਢ ਕੁਇੰਟਲ ਵੀ ਪ੍ਰਤੀ ਏਕੜ ਝਾੜ ਘੱਟ ਨਿਕਲਿਆ ਤਾਂ ਵੀ ਸੂਬੇ ਦੇ ਕਿਸਾਨਾਂ ਨੂੰ 2500 ਕਰੋੜ ਦਾ ਆਰਥਕ ਘਾਟਾ ਸਹਿਣਾ ਪਏਗਾ। ਸੂਬਾ ਸਰਕਾਰ ਵਲੋਂ ਇਸ ਵਾਰ ਮੰਡੀਆਂ ’ਚ 130 ਲੱਖ ਮੀਟਰਕ ਟਨ ਕਣਕ ਆਉਣ ਦੀ ਉਮੀਦ ਰੱਖੀ ਹੋਈ ਹੈ ਪ੍ਰੰਤੂ ਝਾੜ ਦੇ ਘਟਣ ਕਾਰਨ ਇਹ ਟੀਚਾ ਪੂਰਾ ਹੋਣ ਦੀ ਘੱਟ ਹੀ ਸੰਭਾਵਨਾ ਹੈ।

ਪਿਛਲੇ ਸੀਜ਼ਨ ਦੌਰਾਨ 124 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਪੰਜਾਬ ’ਚ ਇਸ ਸੀਜ਼ਨ ਦੌਰਾਨ ਕੁਲ 35.21 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਈ ਕੀਤੀ ਹੋਈ ਹੈ। ਖੇਤੀ ਮਾਹਰਾਂ ਮੁਤਾਬਕ ਕਣਕ ਦੀ ਫ਼ਸਲ ’ਤੇ ਮੀਂਹ ਦੀ ਕਮੀ ਤੇ ਦਾਣਾ ਪੱਕਣ ਸਮੇਂ ਪਈ ਜ਼ਿਆਦਾ ਗਰਮੀ ਨੇ ਝਾੜ ’ਤੇ ਅਸਰ ਪਾਇਆ ਹੈ। 

ਅਚਾਨਕ ਪਈ ਗਰਮੀ ਕਾਰਨ ਕਣਕ ਦਾ ਦਾਣਾ ਪਿਚਕ ਗਿਆ ਹੈ। ਕਣਕ ਦਾ ਝਾੜ ਘਟਣ ਤੇ ਦਾਣਾ ਛੋਟਾ ਰਹਿਣ ਕਾਰਨ ਕਿਸਾਨ ਫ਼ਿਕਰਮੰਦ ਹੋ ਗਏ ਹਨ। ਕਿਸਾਨਾਂ ਮੁਤਾਬਕ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਝੰਡਾ ਚੁਕਣ ਵਾਲੇ ਪੰਜਾਬ ਨੂੰ ਸਬਕ ਸਿਖਾਉਣ ਦੀ ਤਾਕ ’ਚ ਬੈਠੀ ਮੋਦੀ ਸਰਕਾਰ ਹੁਣ ਇਸ ਦੀ ਖ਼ਰੀਦ ਵਿਚ ਵੀ ਦਿੱਕਤ ਖੜੀ ਕਰ ਸਕਦੀ ਹੈ। 

ਗੌਰਤਲਬ ਹੈ ਕਿ ਪਹਿਲਾਂ ਹੀ ਕਿਸਾਨਾਂ ਨੂੰ ਆੜ੍ਹਤੀਆਂ ਨਾਲੋਂ ਅਲੱਗ ਕਰਨ ਦੇ ਇਰਾਦੇ ਨਾਲ ਸਰਕਾਰ ਵਲੋਂ ਸਿੱਧੀ ਅਦਾਇਗੀ ਦਾ ਸਟੈਂਡ ਲਿਆ ਗਿਆ ਹੈ। ਇਸ ਤੋਂ ਇਲਾਵਾ ਕਣਕ ਦੀ ਖ਼ਰੀਦ ਦੀਆਂ ਸ਼ਰਤਾਂ ਵੀ ਸਖ਼ਤ ਕੀਤੀਆਂ ਗਈਆਂ ਹਨ। ਸੂਬੇ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਵੀ ਤੈਅਸ਼ੁਦਾ ਟੀਚੇ ਤੋਂ ਘੱਟ ਕਣਕ ਮੰਡੀਆਂ ’ਚ ਆਉਣ ਦਾ ਅਨੁਮਾਨ ਲਗਾ ਰਹੇ ਹਨ। ਜਦੋਂ ਕਿ ਪਿਛਲੇ ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ ’ਚ ਪੰਜਾਬ ਨੇ ਵੱਡਾ ਰਿਕਾਰਡ ਤੋੜਿਆ ਸੀ। ਕਿਸਾਨ ਰੇਸ਼ਮ ਸਿੰਘ ਯਾਤਰੀ ਨੇ ਦਸਿਆ ਕਿ ਕਣਕ ਦੀ ਫ਼ਸਲ ਬੀਜਣ ਤੋਂ ਬਾਅਦ ਭਰਵੀਂ ਬਾਰਸ਼ ਨਾ ਹੋਣ ਅਤੇ ਅਚਾਨਕ ਗਰਮੀ ਵਧਣ ਕਾਰਨ ਝਾੜ ’ਤੇ ਅਸਰ ਪਿਆ ਹੈ। 

ਜੈਤੋ ਦੀ ਅਨਾਜ ਮੰਡੀ ’ਚ ਬੈਠੇ ਕਿਸਾਨ ਯਾਦਵਿੰਦਰ ਸਿੰਘ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਪਿਛਲੇ ਸਾਲ ਦੇ ਮੁਕਾਬਲੇ ਡੇਢ ਤੋਂ ਦੋ ਕੁਇੰਟਲ ਪ੍ਰਤੀ ਏਕੜ ਕਣਕ ਘੱਟ ਨਿਕਲਣ ਬਾਰੇ ਦਸਿਆ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਸਿੱਧੂ ਨੇ ਦਸਿਆ ਕਿ ਕਣਕ ਦੇ ਝਾੜ ਦੇ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ। ਜ਼ਿਲ੍ਹੇ ਵਿਚ ਪਿਛਲੇ ਸਾਲ ਤੇ ਚਾਲੂ ਸਾਲ ਦੌਰਾਨ ਕਰੀਬ ਢਾਈ ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਂਦ ਕੀਤੀ ਗਈ ਸੀ।

ਅੰਕੜਿਆਂ ਮੁਤਾਬਕ ਪਿਛਲੇ ਸਾਲ ਕਣਕ ਦਾ ਝਾੜ ਸੂਬੇ ਪੱਧਰ ’ਤੇ ਸਾਢੇ 50 ਮਣ ਰਿਹਾ ਸੀ ਪ੍ਰੰਤੂ ਇਸ ਵਾਰ ਘਟਣ ਦੀ ਉਮੀਦ ਹੈ। ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਕਾਰਨ ਹੋਣ ਵਾਲੇ ਨੁਕਸਾਨ ਦੇ ਚਲਦਿਆਂ ਸਰਕਾਰ ਨੂੰ ਹੁਣ ਨਰਮੇ ਤੇ ਝੋਨੇ ਦੀ ਫ਼ਸਲ ਲਈ ਬੀਜਾਂ ਅਤੇ ਡੀਜ਼ਲ ਉਪਰ ਸਬਸਿਡੀ ਦੇਣੀ ਚਾਹੀਦੀ ਹੈ।