ਈ.ਡੀ. ਨੇ ਚਰਨਜੀਤ ਸਿੰਘ ਚੰਨੀ ਤੋਂ ਕੀਤੀ ਪੰਜ ਘੰਟੇ ਪੁੱਛਗਿੱਛ

ਏਜੰਸੀ

ਖ਼ਬਰਾਂ, ਪੰਜਾਬ

ਈ.ਡੀ. ਨੇ ਚਰਨਜੀਤ ਸਿੰਘ ਚੰਨੀ ਤੋਂ ਕੀਤੀ ਪੰਜ ਘੰਟੇ ਪੁੱਛਗਿੱਛ

image

ਕਿਹਾ, ਮੈਨੂੰ ਈਡੀ ਨੇ ਦੁਬਾਰਾ ਆਉਣ ਲਈ ਨਹੀਂ ਕਿਹਾ ਤੇ ਸਵਾਲਾਂ ਦੇ ਜਵਾਬ ਮੈਂ ਅਪਣੀ ਉਤਮ ਜਾਣਕਾਰੀ ਅਨੁਸਾਰ ਦੇ ਦਿਤੇ ਹਨ

ਚੰਡੀਗੜ੍ਹ, 14 ਅਪੈ੍ਰਲ (ਭੁੱਲਰ): ਈਡੀ ਨੇ ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਮਨ ਭੇਜਿਆ ਸੀ ਤੇ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਅੱਜ ਮਾਈਨਿੰਗ ਮਾਮਲੇ ਵਿਚ ਉਨ੍ਹਾਂ ਤੋਂ ਪੰਜ ਘੰਟੇ ਤੋਂ ਵੱਧ ਸਮੇਂ ਤਕ ਪੁੱਛਗਿੱਛ ਕੀਤੀ ਗਈ। ਉਨ੍ਹਾਂ ਤੋਂ ਉਸ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਗਈ ਜਿਸ ਨੂੰ ਏਜੰਸੀ ਵਲੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਦੂਜੇ ਪਾਸੇ ਪੁੱਛਗਿੱਛ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿਤੀ ਹੈ ਕਿ ਉਨ੍ਹਾਂ ਨੂੰ ਈਡੀ ਨੇ ਮਾਈਨਿੰਗ ਮਾਮਲੇ ਵਿਚ ਬੁਲਾਇਆ ਸੀ। ਉਨ੍ਹਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਅਪਣੀ ਪੂਰੀ ਜਾਣਕਾਰੀ ਅਨੁਸਾਰ ਦਿਤੇ ਹਨ। ਈਡੀ ਵਲੋਂ ਇਸ ਮਾਮਲੇ ਦਾ ਚਲਾਨ ਪਹਿਲਾਂ ਹੀ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਾ ਹੈ। ਅਧਿਕਾਰੀਆਂ ਨੇ ਮੈਨੂੰ ਦੁਬਾਰਾ ਆਉਣ ਲਈ ਨਹੀਂ ਕਿਹਾ।
ਚੰਨੀ ’ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਅਧਿਕਾਰੀਆਂ ਦੇ ਤਬਾਦਲੇ ਤੋਂ ਕਰੋੜਾਂ ਰੁਪਏ ਕਮਾਉਣ ਦਾ ਦੋਸ਼ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਾਲ ਹੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਤੇ ਉਨ੍ਹਾਂ ਦੇ ਸਹਿਯੋਗੀ ਵਿਰੁਧ ਗ਼ੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਸੀ। ਹਨੀ ਨੂੰ ਈਡੀ ਨੇ 3 ਤੇ 4 ਫ਼ਰਵਰੀ ਦੀ ਦਰਮਿਆਨੀ ਰਾਤ ਨੂੰ ਗਿ੍ਰਫ਼ਤਾਰ ਕੀਤਾ ਸੀ। ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਸਾਥੀਆਂ ’ਤੇ ਫ਼ਰਜ਼ੀ ਕੰਪਨੀਆਂ ਬਣਾ ਕੇ ਮਨੀ ਲਾਂਡਰਿੰਗ ਕਰਨ ਦਾ ਦੋਸ਼ ਹੈ। ਇਸ ਤੋਂ ਪਹਿਲਾਂ 18-19 ਜਨਵਰੀ ਨੂੰ ਈਡੀ ਦੇ ਛਾਪੇ ਦੌਰਾਨ ਹਨੀ ਦੇ ਘਰ ਤੋਂ ਕਰੀਬ 7.9 ਕਰੋੜ ਰੁਪਏ ਦੀ ਨਕਦੀ ਮਿਲੀ ਸੀ। ਹਨੀ ਦੇ ਸਾਥੀ ਸੰਦੀਪ ਕੁਮਾਰ ਦੇ ਠਿਕਾਣਿਆਂ ਤੋਂ ਦੋ ਕਰੋੜ ਰੁਪਏ ਮਿਲੇ ਹਨ।