ਅੱਗ 'ਚ ਘਿਰੀ ਕਿਸਾਨਾਂ ਦੀ ਮਿਹਨਤ, 32 ਏਕੜ ਕਣਕ ਦੀ ਫ਼ਸਲ ਸੜ ਕੇ ਹੋਈ ਸੁਆਹ
'ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਜਦੋਂ ਸੜ ਜਾਂਦੀ ਹੈ ਤਾਂ ਉਸ ਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ'
ਫ਼ਤਿਹਗੜ੍ਹ ਸਾਹਿਬ : ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਕਿਸੇ ਨਾ ਕਿਸੇ ਜ਼ਿਲ੍ਹੇ ਤੋਂ ਕਿਸਾਨਾਂ ਦੀ ਪੱਕੀ ਹੋਈ ਕਣਕ ਨੂੰ ਅੱਗ ਲੱਗ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ।ਅਜਿਹਾ ਹੀ ਇੱਕ ਮਾਮਲਾ ਫ਼ਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਬੀਤੀ ਰਾਤ ਤੇਜ਼ ਹਨ੍ਹੇਰੀ ਦੇ ਕਾਰਨ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੋਈ, ਜਿਸ ਕਾਰਨ ਪਿੰਡ ਤਲਾਣੀਆਂ ਵਿਖੇ ਕਣਕ ਦੀ 32 ਏਕੜ ਫ਼ਸਲ ਸੜ ਕੇ ਸੁਆਹ ਹੋ ਗਈ। ਜਿਸ ਕਾਰਨ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ।
ਪੀੜਤ ਕਿਸਾਨ ਹਰਨੇਕ ਸਿੰਘ, ਹਰਮਿੰਦਰ ਸਿੰਘ, ਕੇਸਰ ਸਿੰਘ ਅਤੇ ਲਾਭ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਸਮੇਂ ਜਦੋਂ ਤੇਜ਼ ਹਵਾ ਚੱਲੀ ਹੈ ਉਸ ਸਮੇਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਆਪਸ ਵਿਚ ਟਕਰਾ ਗਈਆਂ ਜਿਸ ਕਾਰਨ ਸ਼ਾਰਟ ਸਰਕਟ ਹੋਇਆ ਅਤੇ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਆਸ ਪਾਸ ਦੀ ਕੁੱਲ ਮਿਲਾ ਕੇ ਬੱਤੀ ਏਕੜ ਫ਼ਸਲ ਸੜ ਕੇ ਸੁਆਹ ਹੋ ਗਈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪਾਵਰਕਾਮ ਜ਼ਿੰਮੇਵਾਰ ਹੈ, ਜੋ ਕਿਸਾਨਾਂ ਦੀ ਭਰਪਾਈ ਕਰੇ।
ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਮੌਕੇ 'ਤੇ ਪਹੁੰਚੇ। ਜਿਨ੍ਹਾਂ ਨੇ ਮੌਕਾ ਦੇਖਿਆ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਜਦੋਂ ਸੜ ਜਾਂਦੀ ਹੈ ਤਾਂ ਉਸ ਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ, ਅਜਿਹੇ ਵਿਚ ਅਸੀਂ ਪੀੜਤ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਅਤੇ ਹਰ ਪੱਖੋਂ ਉਨ੍ਹਾਂ ਦੀ ਸਹਾਇਤਾ ਕਰਾਂਗੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਇਨ੍ਹਾਂ ਦਾ ਕੇਸ ਖੁਦ ਦੇਖਣਗੇ ਅਤੇ ਪੀੜਤ ਪਰਿਵਾਰਾ ਨੂੰ ਮੁਆਵਜ਼ਾ ਦਿਵਾਇਆ ਜਾਵੇਗਾ।
ਪਾਵਰਕਾਮ ਦੇ ਐਕਸੀਅਨ ਸੁਮੇਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੋਲਾਂ ਦੇ ਵਿੱਚ ਵਿੱਥ ਜ਼ਿਆਦਾ ਹੋਣ ਦੇ ਕਾਰਨ ਤਾਰਾਂ ਢਿੱਲੀਆਂ ਪੈ ਗਈਆਂ, ਜਿਸ ਕਾਰਨ ਤੇਜ਼ ਹਨ੍ਹੇਰੀ ਵਿੱਚ ਤਾਰਾਂ ਆਪਸ 'ਚ ਟਕਰਾ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਰਾ ਨੂੰ ਸਹੀ ਕਰਨ ਦੇ ਲਈ ਇੱਥੇ ਹੋਰ ਪੋਲ ਲਗਾਏ ਜਾਣਗੇ ਤਾਂ ਜੋ ਦੁਆਰਾ ਇਸ ਤਰ੍ਹਾਂ ਦੀ ਸਮੱਸਿਆ ਨਾ ਆਵੇ।