ਕਬੱਡੀ ਕਲੱਬ ਦੇ ਪ੍ਰਧਾਨ ਧਰਮਿੰਦਰ ਭਿੰਦਾ ਕਤਲ ਮਾਮਲੇ 'ਚ 2 ਗੈਂਗਸਟਰ ਗ੍ਰਿਫ਼ਤਾਰ
AGTF ਮੁਖੀ ਪ੍ਰਮੋਦ ਬਾਨ ਨੇ ਕੀਤੇ ਵੱਡੇ ਖ਼ੁਲਾਸੇ, ਵਾਰਦਾਤ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅਤਿਵਾਦ ਵਿਰੁੱਧ ਕਾਰਵਾਈ ਲਈ ਬਣਾਈ ਐਂਟੀ ਗੈਂਗਸਟਰ ਟਾਸਕ ਫ਼ੋਰਸ ਨੂੰ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ AGTF ਨੇ ਹਰਿਆਣਾ ਅਤੇ ਉਤਰਾਖੰਡ ਤੋਂ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਕਤ ਫੜੇ ਗਏ ਗੈਂਗਸਟਰ ਕਬੱਡੀ ਪ੍ਰਮੋਟਰ ਧਰਮਿੰਦਰ ਭਿੰਦਾ ਕਤਲਕਾਂਡ 'ਚ ਲੋੜੀਂਦੇ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਐਂਟੀ ਗੈਂਗਸਟਰ ਟਾਸ੍ਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਕਿਹਾ ਕਿ ਹਰਿਆਣਾ ਅਤੇ ਉਤਰਾਖੰਡ 'ਚ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਜਿਸ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉੱਤਰਾਖੰਡ ਪੁਲਿਸ ਨਾਲ ਸਾਂਝੀ ਕਾਰਵਾਈ ਕਰਦਿਆਂ ਬੀਤੀ ਤ ਨੂੰ ਦੇਹਰਾਦੂਨ ਨਜ਼ਦੀਕ ਹਰਬੀਰ ਸਿੰਘ ਅਤੇ ਤੇਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਬੀਰ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਇਸ ਮੌਕੇ ਏ.ਜੀ.ਟੀ.ਐਫ. ਮੁਖੀ ਬਾਨ ਨੇ ਕਿਹਾ ਕਿ ਜਦੋਂ ਹਰਬੀਰ ਨੂੰ ਗ੍ਰਿਫਤਾਰ ਕੀਤਾ ਤਾਂ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ
ਅਸੀਂ ਕਾਨੂੰਨ ਮੁਤਾਬਿਕ ਕਾਰਵਾਈ ਕਰ ਰਹੇ ਹਾਂ ਅਤੇ ਜੇਕਰ ਅਜਿਹੇ ਲੋੜੀਂਦੇ ਅਪਰਾਧੀਆਂ ਵਲੋਂ ਕੋਈ ਵੀ ਅਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੰਜਾਬ ਪੁਲਿਸ ਵਲੋਂ ਉਸ ਅਨੁਸਾਰ ਹੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਨ੍ਹਾਂ ਸਾਰੇ ਮਸਲਿਆਂ ਨੂੰ ਸੁਲਝਾਉਣ ਲਈ ਇਕਜੁਟ ਹੈ ਅਤੇ ਸਾਨੂੰ ਜਨਤਾ ਦੇ ਸਾਥ ਦੀ ਲੋੜ ਹੈ।