ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰਾਜਾ ਵੜਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦੀ ਨਵੀਂ ਟੀਮ ਵੀ ਸੀ ਨਾਲ ਮੌਜੂਦ

PHOTO

 

ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਵਿਖੇ ਨਤਮਸਤਕ ਹੋਏ। ਉਹਨਾਂ ਨਾਲ ਵਰਕਿੰਗ ਪ੍ਰੈਜ਼ੀਡੈਂਟ ਭਾਰਤ ਭੂਸ਼ਣ ਆਸ਼ੂ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਡਿਪਟੀ ਲੀਡਰ ਰਾਜ ਕੁਮਾਰ ਚੱਬੇਵਾਲ ਵੀ ਮੌਜੂਦ ਸਨ। 

 

 

 ਰਾਜਾ ਵੜਿੰਗ ਸਵੇਰੇ ਲਗਭਗ 4.30 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਉਨ੍ਹਾਂ ਨੇ ਪਾਲਕੀ ਸਾਹਿਬ ਦੀ ਸੇਵਾ ਕੀਤੀ। ਉਨ੍ਹਾਂ ਨਾਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਅਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮਿੱਠੂ ਮਦਾਨ ਵੀ ਸਨ। ਦੌਰੇ ਦੌਰਾਨ ਅਜੇ ਤੱਕ ਰਾਜਾ ਵੜਿੰਗ ਨੇ ਕੋਈ ਰਾਜਨੀਤਕ ਬਿਆਨਬਾਜ਼ੀ ਨਹੀਂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿਰਫ਼ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਆਏ ਹਨ।

 

 

ਦਰਬਾਰ ਸਾਹਿਬ ‘ਚ ਮੱਥਾ ਟੇਕਣ ਦੇ ਬਾਅਦ ਕਾਂਗਰਸ ਦੀ ਨਵੀਂ ਬ੍ਰਿਗੇਡ ਦੁਰਗਿਆਨਾ ਮੰਦਰ ਵੀ ਗਈ। ਇਥੇ ਦੁਰਗਿਆਣਾ ਮੰਦਰ ਕਮੇਟੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਤੇ ਰਾਜ ਕੁਮਾਰ ਚੱਬੇਵਾਲ ਸ੍ਰੀਰਾਮ ਤੀਰਥ ਗਏ ਤੇ ਆਸ਼ੀਰਵਾਦ ਲਿਆ।

 ਸਾਡੀ ਸਰਕਾਰ ਨੇ ਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਪਰ ਲੋਕਾਂ ਨੇ ਸਾਨੂੰ ਨਾਕਾਰ ਦਿੱਤਾ
ਮੀਡੀਆ ਨਾਲ ਗੱਲਬਾਤ ਕਰਦਿਆਂ  ਰਾਜਾ ਵੜਿੰਗ ਨੇ ਕਿਹਾ ਕਿ ਮੈਂ ਸਵੇਰੇ ਨਵਜੋਤ ਸਿੱਧੂ ਨੂੰ ਫੋਨ ਲਾਇਆ ਸੀ ਤੇ ਉਹਨਾਂ ਨੇ ਦੱਸਿਆ ਉਹ ਅੱਜ ਸ਼ਹਿਰ ਤੋਂ ਬਾਹਰ ਜਾ ਰਹੇ ਹਨ। ਇਸ ਕਰਕੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ।  ਰਾਜਾ ਵੜਿੰਗ ਨੇ ਮੰਨਿਆ ਨੇ ਆਪਸੀ ਗੁੱਟਬਾਜੀ ਕਰਕੇ ਪਾਰਟੀ ਨੂੰ 2022 ਦੀਆਂ ਚੋਣਾਂ 'ਚ ਨੁਕਸਾਨ ਹੋਇਆ ਹੈ। ਮੈਂ ਆਪਣੀ  ਪ੍ਰਧਾਨਗੀ ਇਕ ਪਾਸੇ ਛੱਡ ਕੇ ਬਜ਼ੁਰਗਾਂ ਜਿਹਨਾਂ ਨੇ ਪਾਰਟੀ ਲਈ ਖੂਨ ਪਸੀਨਾ ਇਕ ਕੀਤਾ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਾਂਗਾ। ਜੇ ਕਿਸੇ ਨੂੰ ਗਿਲੇ ਸ਼ਿਕਵੇ ਵੀ ਹਨ ਤਾਂ ਮੈਂ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰਾਂਗਾ।

ਜੇ ਅਸੀਂ ਆਪਣਾ ਘਰ ਠੀਕ ਕਰ ਲਿਆ ਤਾਂ ਸਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ। ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗਾਂ 'ਤੇ ਵੀ ਇਤਰਾਜ਼ ਜਤਾਉਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਨੇ ਭਗਵੰਤ ਮਾਨ ਨੂੰ ਸੀਐਮ ਬਣਾਇਆ ਹੈ, ਇਸ ਲਈ ਉਹ ਸਰਕਾਰ ਚਲਾਉਣ। ਰਾਜਾ ਵੜਿੰਗ ਨੇ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਪਰ ਲੋਕਾਂ ਨੇ ਸਾਨੂੰ ਨਾਕਾਰ ਦਿੱਤਾ।

ਰਾਜਾ ਵੜਿੰਗ ਨੇ ਬਿਜਲੀ ਦੇ 300 ਯੂਨਿਟ ਮੁਫਤ ਦੇਣ 'ਤੇ ਕਿਹਾ ਕਿ ਜੇਕਰ 300 ਤੋਂ ਇੱਕ ਯੂਨਿਟ ਵੀ ਵੱਧ ਹੋਈ ਤਾਂ ਸਾਰੇ ਦੇ ਪੈਸੇ ਦੇਣੇ ਪੈਣਗੇ। ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਕੋਈ ਲਾਭ ਨਹੀਂ ਮਿਲੇਗਾ।  ਰਾਜਾ ਵੜਿੰਗ ਨੇ ਕਿਹਾ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਸਾਡੀ ਸਰਕਾਰ ਨੇ ਸੰਜੀਦਗੀ ਨਾਲ ਕੰਮ ਕੀਤਾ। ਨਸ਼ਿਆਂ ਦੀ ਬਹੁਤ ਵੱਡੀ ਅੱਗ ਸੀ ਅਸੀਂ ਉਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਬੁਝਾ ਨਹੀਂ ਸਕੇ। ਉਮੀਦ ਕਰਦੇ ਹਾਂ ਕਿ  ਭਗਵੰਤ ਮਾਨ ਦੀ ਸਰਕਾਰ ਲੋਕਾਂ ਦੀ ਉਮੀਦਾਂ 'ਤੇ ਖਰੀ ਉਤਰੇਗੀ।