ਪੁਲਿਸ ਨੇ ਨਾਕੇ 'ਤੇ ਤਲਾਸ਼ੀ ਦੌਰਾਨ ਰੋਕਿਆ ਕੈਂਟਰ : ਡਰਾਈਵਰ ਸੀਟ ਹੇਠੋਂ 2 ਕਿਲੋ 800 ਗ੍ਰਾਮ ਅਫੀਮ ਬਰਾਮਦ, ਮਾਮਲਾ ਦਰਜ
ਜਾਂਚ ’ਚ ਸਾਹਮਣੇ ਆਇਆ ਕਿ ਦੋਵੇਂ ਨੌਜਵਾਨ ਉੱਤਰ ਪ੍ਰਦੇਸ਼ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਦੇ ਸਨ
ਤਰਨਤਾਰਨ : ਪੁਲਿਸ ਨੇ ਨਾਕੇ ਦੌਰਾਨ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਪ੍ਰੈਸ ਕਾਨਫਰੰਸ ਕਰਦਿਆ ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਏਐੱਸਆਈ ਕੁਲਵਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਨਾਲ ਵਿਸਾਖੀ ਡਿਊਟੀ ਦੇ ਸਬੰਧ ਵਿਚ ਟੀ ਪੁਆਇਂਟ ਨਿੱਕਾ ਚੋਹਲਾ, ਫਤਿਹਾਬਾਦ ਰੋਡ ’ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਫਤਿਹਾਬਾਦ ਵੱਲੋਂ ਇਕ ਕੈਂਟਰ ਆਇਆ ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਰੋਕ ਲਿਆ। ਕੈਂਟਰ ਵਿਚ ਦੋ ਨੌਜਵਾਨ ਡਰਾਇਵਰ ਸੁਖਜਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਤੇ ਕੰਡਕਟਰ ਹਰਪਾਲ ਸਿੰਘ ਪੁੱਤਰ ਦਰਬਾਰਾ ਸਿੰਘ ਬੈਠੇ ਸਨ। ਦੋਵੇਂ ਮੋਗਾ ਦੇ ਰਹਿਣ ਵਾਲੇ ਸਨ। ਤਲਾਸ਼ੀ ਲੈਣ ’ਤੇ ਕੈਂਟਰ 'ਚੋਂ 2 ਕਿਲੋ 800 ਗ੍ਰਾਮ ਅਫੀਮ ਬਰਾਮਦ ਹੋਈ।
ਪੁਲਿਸ ਨੇ 18-ਸੀ, 25,29, ਐਨ.ਡੀ.ਪੀ.ਐੱਸ ਐਕਟ ਦੇ ਤਹਿਤ ਥਾਣਾ ਚੋਹਲਾ ਸਾਹਿਬ ’ਚ ਮਾਮਲਾ ਦਰਜ ਕਰ ਲਿਆ। ਜਾਂਚ ’ਚ ਸਾਹਮਣੇ ਆਇਆ ਕਿ ਦੋਵੇਂ ਨੌਜਵਾਨ ਉੱਤਰ ਪ੍ਰਦੇਸ਼ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਦੇ ਸਨ। ਤਫ਼ਤੀਸ਼ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।