124.03 ਕਰੋੜ ਰੁਪਏ ਦੀ ਲਾਗਤ ਨਾਲ ਖੰਨਾ 'ਚ ਜਲ ਸਪਲਾਈ ਅਤੇ ਸੀਵਰੇਜ ਦੀ ਯੋਜਨਾ ਪ੍ਰਵਾਨ: ਕੋਟਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਸ਼ੀਆ ਦੀ ਸੱਭ ਤੋਂ ਵੱਡੀ ਅਨਾਜ ਮੰਡੀ ਨਾਲ ਮਸ਼ਹੂਰ ਸ਼ਹਿਰ ਖੰਨਾ ਦੀ ਦਹਾਕਿਆ ਤੋਂ ਵਿਕਾਸ ਦੀ ਲੀਹ ਤੋਂ ਲੱਥੀ ਗੱਡੀ ਨੂੰ ਮੁੱੜ ਲੀਹ 'ਤੇ ਲਿਆਉਣ ਤੇ ਸ਼ਹਿਰ ਦਾ ਸਰਵਪੱਖੀ ...

Kotli

ਖੰਨਾ,  ਏਸ਼ੀਆ ਦੀ ਸੱਭ ਤੋਂ ਵੱਡੀ ਅਨਾਜ ਮੰਡੀ ਨਾਲ ਮਸ਼ਹੂਰ ਸ਼ਹਿਰ ਖੰਨਾ ਦੀ ਦਹਾਕਿਆ ਤੋਂ ਵਿਕਾਸ ਦੀ ਲੀਹ ਤੋਂ ਲੱਥੀ ਗੱਡੀ ਨੂੰ ਮੁੱੜ ਲੀਹ 'ਤੇ ਲਿਆਉਣ ਤੇ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨ ਲਈ ਪੰਜਾਬ ਸਰਕਾਰ ਨੇ ਵਿਆਪਕ ਯੋਜਨਾ ਉਲੀਕੀ ਹੈ ਜਿਸ ਦੇ ਪਹਿਲੇ ਪੜਾਅ ਵਿਚ 124.03 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਸ਼ਹਿਰ ਵਿਚ ਜਲ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਦਿਤੀ ਜਾਵੇਗੀ, ਜਿਸ ਨਾਲ ਖੰਨਾ ਸ਼ਹਿਰ ਦੇ ਲੋਕਾਂ ਦੀ ਕਈ ਸਾਲਾਂ ਦੀ ਮੰਗ ਪੂਰੀ ਹੋ ਜਾਵੇਗੀ।  ਇਹ ਪ੍ਰਗਟਾਵਾ ਖੰਨਾ ਤੋਂ ਵਿਧਾਇਕ ਸ੍ਰੀ ਗੁਰਕੀਰਤ ਸਿੰਘ ਕੋਟਲੀ ਨੇ ਸਿਟੀ ਸੈਂਟਰ ਖੰਨਾ ਵਿਚ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਦੇ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰੀ ਬੁਨਿਆਦੀ ਸਹੂਲਤਾਂ ਨੂੰ ਤਰਸੇ ਹੋਏ ਸਨ ਅਤੇ ਅਸੀਂ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਖੰਨਾ ਸ਼ਹਿਰ ਦਾ ਨਕਸ਼ ਨੁਹਾਰ ਸਵਾਰਿਆ ਜਾਵੇਗਾ ਜਿਸ ਦੇ ਲਈ ਪੰਜਾਬ ਸਰਕਾਰ ਨੇ ਕਈ ਵਿਆਪਕ ਯੋਜਨਾਵਾਂ ਉਲੀਕੀਆਂ ਹਨ। ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋ ਜਾਣ ਉਪਰੰਤ ਖੰਨਾ ਦੇਸ਼ ਦੇ ਵਿਕਸਤ ਸ਼ਹਿਰਾਂ ਵਿਚ ਸ਼ਾਮਲ ਹੋ ਜਾਵੇਗਾ। ਜਿਥੇ ਦੇ ਨਿਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਹੋਣਗੀਆਂ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ 124.03 ਕਰੋੜ ਰੁਪਏ ਸਰਕਾਰ ਦੀ ਅਮ੍ਰਿਤਾ ਸਕੀਮ ਅਧੀਨ ਖ਼ਰਚ ਹੋਣਗੇ ਜਿਸ ਵਿਚੋਂ 75 ਕਰੋੜ ਰੁਪਏ ਸ਼ਹਿਰ ਵਿਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਵਿਛਾਉਣ ਉਤੇ ਖ਼ਰਚ ਕੀਤੇ ਜਾਣਗੇ ਇਸ ਨਾਲ 98 ਕਿਲੋਮੀਟਰ ਸੀਵਰੇਜ ਪਾਈਪ ਲਾਈਨ ਅਤੇ 105 ਕਿਲੋਮੀਟਰ ਜਲ ਸਪਲਾਈ ਪਾਈਪ ਲਾਈਨ ਸਮੁੱਚੇ ਸ਼ਹਿਰ ਵਿਚ ਵਿਛਾਈ ਜਾਵੇਗੀ। 

ਉਨÎ੍ਹਾਂ ਦਸਿਆ ਕਿ ਇਸ ਯੋਜਨਾ ਅਧੀਨ ਸ਼ਹਿਰ ਵਿਚ 2.28 ਕਰੋੜ ਰੁਪਏ ਦੀ ਲਾਗਤ ਨਾਲ 9 ਟਿਊਬਵੈੱਲ ਲਗਾਏ ਜਾਣਗੇ ਅਤੇ 3.77 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਸਟੋਰ ਕਰਨ ਵਾਲੀਆਂ 5 ਟੈਕੀਆਂ ਨਵੀਆਂ ਬਣਾਈਆਂ ਜਾਣਗੀਆਂ ਇਨ੍ਹਾਂ 5 ਵਾਟਰ  ਸਟੋਰੇਜ ਟੈਕ ਵਿਚੋਂ 2 ਟੈਂਕ 2 ਲੱਖ ਗੈਲਨ ਸਮਰੱਥਾ ਵਾਲੇ ਅਤੇ 3 ਟੈਂਕ ਇਕ ਲੱਖ ਗੈਲਨ ਸਮਰੱਥਾ ਵਾਲੇ ਹੋਣਗੇ। ਉਨ੍ਹਾਂ ਦਸਿਆ ਸਮੁੱਚੇ ਸਿਸਟਮ ਨੂੰ ਕੰਟਰੋਲ ਕਰਨ ਦੇ ਲਈ ਨਗਰ ਕੌਂਸਲ ਦਫ਼ਤਰ ਵਿਚ 3.43 ਕਰੋੜ ਰੁਪਏ ਦੀ ਲਾਗਤ ਨਾਲ ਇਕ ਕੰਪਿਊਟਰ ਆਟੋਮੈਟਿਕ ਕੰਟਰੋਲਰ ਸਿਸਟਮ ਸਥਾਪਿਤ ਕੀਤਾ ਜਾਵੇਗਾ। ਜਿਥੋਂ ਸਮੁੱਚੇ ਖੰਨਾ ਸ਼ਹਿਰ ਦੀ ਜਲ ਸਪਲਾਈ ਅਤੇ ਸੀਵਰੇਜ ਦੀ ਨਿਗਰਾਨੀ ਅਤੇ ਰੱਖ ਰਖਾਅ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਿਕਾਸ ਮਹਿਤਾ, ਬਲਾਕ ਕਾਂਗਰਸ ਦੇ ਪ੍ਰਧਾਨ ਜਤਿੰਦਰ ਪਾਠਕ, ਅਸ਼ੋਕ ਕੁਮਾਰ ਤਿਵਾੜੀ, ਸੀਵਰੇਜ ਬੋਰਡ ਦੇ ਉਪ ਮੰਡਲ ਅਫ਼ਸਰ ਰਜਿੰਦਰ ਕੁਮਾਰ ਨੰਦਾ, ਰਾਜਸੀ ਸਕੱਤਰ ਹਰਿੰਦਰ ਸਿੰਘ, ਕੌਂਸਲਰ ਸੁਨੀਲ ਕੁਮਾਰ ਨੀਟਾ, ਵਿੱਕੀ ਮਸ਼ਾਲ, ਗੁਰਮੇਲ ਸਿੰਘ ਕਾਲਾ, ਮੋਹਨ ਸਿੰਘ, ਸੰਦੀਪ ਘਈ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।